ਨਿਊਯਾਰਕ ਦਾ ਵਿਵਾਦਤ ਧੋਖਾਧੜੀ ਮਾਮਲਾ ਬੰਦ, ਅਡਾਨੀ ਗਰੁੱਪ ਲਈ ਵੱਡੀ ਰਾਹਤ
- ਦੇਸ਼
- (Asia/Kolkata)
ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਲਈ ਅਮਰੀਕਾ ਤੋਂ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਨਿਆਂ ਵਿਭਾਗ ਨੇ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਵਿਰੁੱਧ ਚੱਲ ਰਹੇ ਸਾਰੇ ਅਪਰਾਧਿਕ ਮਾਮਲੇ ਸਥਾਈ ਤੌਰ ’ਤੇ ਵਾਪਸ ਲੈ ਲਏ ਹਨ। ਅਮਰੀਕੀ ਨਿਆਂ ਵਿਭਾਗ ਦੇ ਇਸ ਫ਼ੈਸਲੇ ਨਾਲ ਨਿਊਯਾਰਕ ਵਿੱਚ ਚੱਲ ਰਿਹਾ ਵਿਵਾਦਤ ਧੋਖਾਧੜੀ ਮਾਮਲਾ ਹੁਣ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਇਸ ਫ਼ੈਸਲੇ ਨੂੰ ਅਡਾਨੀ ਗਰੁੱਪ ਲਈ ਇੱਕ ਵੱਡੀ ਕਾਨੂੰਨੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕੀ ਵਕੀਲਾਂ ਨੇ ਅਦਾਲਤੀ ਫਾਈਲਿੰਗ ਵਿੱਚ ਕਿਹਾ ਕਿ ਉਹ ਹੁਣ ਇਨ੍ਹਾਂ ਦੋਸ਼ਾਂ ਦੀ ਪੈਰਵੀ ਕਰਨ ਦੇ ਯੋਗ ਨਹੀਂ ਰਹੇ। ਪੂਰਬੀ ਨਿਊਯਾਰਕ ਦੀ ਅਦਾਲਤ ਵਿੱਚ ਦਾਇਰ ਦਸਤਾਵੇਜ਼ਾਂ ਮੁਤਾਬਕ ਕੇਸ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਅਪਰਾਧਿਕ ਦੋਸ਼ਾਂ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਬਾਅਦ ਵਿੱਚ ਅਦਾਲਤ ਨੇ ਇਨ੍ਹਾਂ ਦੋਸ਼ਾਂ ਨੂੰ “ਸਥਾਈ ਤੌਰ ’ਤੇ ਖਾਰਜ” ਕਰਨ ਦੇ ਹੁਕਮ ਜਾਰੀ ਕੀਤੇ। ਇਸਦਾ ਅਰਥ ਹੈ ਕਿ ਇਹ ਮਾਮਲਾ ਹੁਣ ਦੁਬਾਰਾ ਨਹੀਂ ਖੋਲ੍ਹਿਆ ਜਾ ਸਕੇਗਾ। ਗੌਰਤਲਬ ਹੈ ਕਿ ਇਹ ਮਾਮਲਾ ਸਾਲ 2024 ਵਿੱਚ ਸਾਹਮਣੇ ਆਇਆ ਸੀ, ਜਦੋਂ ਅਮਰੀਕੀ ਸਟਾਕ ਮਾਰਕੀਟ ਰੈਗੂਲੇਟਰ ਯੂਐਸ ਸਿਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (SEC) ਨੇ ਗੌਤਮ ਅਡਾਨੀ ਅਤੇ ਸਾਗਰ ਅਡਾਨੀ ਵਿਰੁੱਧ ਗੰਭੀਰ ਦੋਸ਼ ਲਗਾਏ ਸਨ। ਐਸਈਸੀ ਨੇ ਦਾਅਵਾ ਕੀਤਾ ਸੀ ਕਿ ਅਡਾਨੀ ਸਮੂਹ ਨੇ ਭਾਰਤ ਵਿੱਚ ਇੱਕ ਵੱਡੇ ਸੂਰਜੀ ਊਰਜਾ ਪ੍ਰੋਜੈਕਟ ਨਾਲ ਸੰਬੰਧਿਤ ਉੱਚ ਮੁੱਲ ਵਾਲਾ ਸਰਕਾਰੀ ਠੇਕਾ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਹੁਣ ਅਮਰੀਕੀ ਨਿਆਂ ਵਿਭਾਗ ਵੱਲੋਂ ਕੇਸ ਵਾਪਸ ਲਏ ਜਾਣ ਮਗਰੋਂ ਅਡਾਨੀ ਗਰੁੱਪ ਨੂੰ ਇੱਕ ਮਹੱਤਵਪੂਰਨ ਕਾਨੂੰਨੀ ਅਤੇ ਕਾਰੋਬਾਰੀ ਰਾਹਤ ਮਿਲੀ ਹੈ।
Leave a Reply