ਪੰਜਾਬ ਭਾਜਪਾ ਦੀ ਕਮਾਨ ਕਿਸ ਨੂੰ? ਹਾਈਕਮਾਨ ਅੱਗੇ ਸਿੱਖ ਤੇ ਹਿੰਦੂ ਚਿਹਰਿਆਂ ਦੇ ਨਾਂ ਚਰਚਾ ਵਿੱਚ
- ਪੰਜਾਬ
- (Asia/Kolkata)
ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਇਕਾਈ ਵਿੱਚ ਵੱਡੇ ਸੰਗਠਨਾਤਮਕ ਬਦਲਾਵਾਂ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਨ ਇਸ ਵਾਰ ਕਿਸੇ ਅਹਿਮ ਅਤੇ ਪ੍ਰਭਾਵਸ਼ਾਲੀ ਚਿਹਰੇ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾਵਾਂ ਇਸ ਲਈ ਵੀ ਤੇਜ਼ ਹੋ ਗਈਆਂ ਹਨ ਕਿਉਂਕਿ ਮੌਜੂਦਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਕਾਰਜਕਾਲ ਜੂਨ ਮਹੀਨੇ ਵਿੱਚ ਸਮਾਪਤ ਹੋ ਰਿਹਾ ਹੈ। ਅਜਿਹੇ ਵਿੱਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੂਨ ਦੇ ਅਖੀਰ ਜਾਂ ਜੁਲਾਈ ਦੇ ਸ਼ੁਰੂ ਵਿੱਚ ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਹਾਲਾਂਕਿ, ਪਾਰਟੀ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਪਾਰਟੀ ਅੰਦਰ ਅਤੇ ਸਿਆਸੀ ਵਰਗਾਂ ਵਿੱਚ ਨਵੇਂ ਪ੍ਰਧਾਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਜਾਰੀ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਕਿਸੇ ਪੁਰਾਣੇ ਅਤੇ ਤਜਰਬੇਕਾਰ ਚਿਹਰੇ ‘ਤੇ ਵੀ ਭਰੋਸਾ ਜਤਾ ਸਕਦੀ ਹੈ। ਸੂਤਰਾਂ ਦੇ ਅਨੁਸਾਰ, ਪਾਰਟੀ ਦੇ ਕੁਝ ਆਗੂ ਹਿੰਦੂ ਚਿਹਰੇ ਦੇ ਹੱਕ ਵਿੱਚ ਹਨ, ਜਦਕਿ ਕੁਝ ਲੀਡਰ ਸਿੱਖ ਚਿਹਰੇ ਨੂੰ ਪ੍ਰਧਾਨ ਬਣਾਉਣ ਦੀ ਵਕਾਲਤ ਕਰ ਰਹੇ ਹਨ। ਇਸ ਮਾਮਲੇ ਵਿੱਚ ਵੱਖ-ਵੱਖ ਪੱਧਰਾਂ ‘ਤੇ ਹਾਈਕਮਾਨ ਨੂੰ ਸੁਝਾਅ ਵੀ ਭੇਜੇ ਗਏ ਹਨ। ਹੁਣ ਅਖੀਰਲਾ ਫੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ ਕਿ ਉਹ ਕਿਸੇ ਸਿੱਖ ਆਗੂ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪਦੀ ਹੈ, ਕਿਸੇ ਪੁਰਾਣੇ ਆਗੂ ਨੂੰ ਮੌਕਾ ਦਿੰਦੀ ਹੈ ਜਾਂ ਫਿਰ ਸੁਨੀਲ ਜਾਖੜ ਨੂੰ ਦੁਬਾਰਾ ਪ੍ਰਧਾਨ ਦੇ ਅਹੁਦੇ ‘ਤੇ ਕਾਇਮ ਰੱਖਦੀ ਹੈ।
Leave a Reply