ਕ੍ਰਿਕਟਰ ਅਰਸ਼ਦੀਪ ਸਿੰਘ ਨੇ ਸਮਰੀਨ ਕੌਰ ਨਾਲ ਕਰਵਾਈ ਮੰਗਣੀ, ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਕ੍ਰਿਕਟਰ ਅਰਸ਼ਦੀਪ ਸਿੰਘ ਨੇ ਸਮਰੀਨ ਕੌਰ ਨਾਲ ਕਰਵਾਈ ਮੰਗਣੀ, ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੀ ਲੰਮੇ ਸਮੇਂ ਦੀ ਸਾਥਣ ਸਮਰੀਨ ਕੌਰ ਨਾਲ ਮੰਗਣੀ ਕਰ ਲਈ ਹੈ। ਦੋਵਾਂ ਨੇ ਸੋਸ਼ਲ ਮੀਡੀਆ ’ਤੇ ਖ਼ਾਸ ਤਸਵੀਰਾਂ ਸਾਂਝੀਆਂ ਕਰਦਿਆਂ ਆਪਣੇ ਰਿਸ਼ਤੇ ਨੂੰ ਨਵਾਂ ਨਾਮ ਦੇਣ ਦਾ ਐਲਾਨ ਕੀਤਾ ਹੈ।
 

ਸਮਰੀਨ ਕੌਰ ਨੇ ਬੁੱਧਵਾਰ ਦੁਪਹਿਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ਵਿੱਚ ਅਰਸ਼ਦੀਪ ਸਿੰਘ ਗੋਡਿਆਂ ਭਾਰ ਬੈਠ ਕੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ। ਸਮਰੀਨ ਨੇ ਪ੍ਰਪੋਜ਼ਲ ਦੀਆਂ ਤਸਵੀਰਾਂ ਦੇ ਨਾਲ ਅਰਸ਼ਦੀਪ ਵੱਲੋਂ ਦਿੱਤੀ ਗਈ ਮੰਗਣੀ ਦੀ ਅੰਗੂਠੀ ਦੀ ਤਸਵੀਰ ਵੀ ਸਾਂਝੀ ਕੀਤੀ।
 

ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਸਮਰੀਨ ਨੇ ਲਿਖਿਆ, "ਜ਼ਿੰਦਗੀ ਸਾਨੂੰ ਜੋ ਕੁਝ ਵੀ ਦੇ ਸਕਦੀ ਸੀ, ਉਨ੍ਹਾਂ ਸਭ ਵਿੱਚੋਂ ਮੈਂ ਸਭ ਤੋਂ ਵੱਧ ਖ਼ੁਸ਼ ਹਾਂ ਕਿ ਸਾਨੂੰ ਇੱਕ-ਦੂਜੇ ਦਾ ਸਾਥ ਮਿਲਿਆ। ਉਮਰ ਭਰ ਦੇ ਸਾਥ ਲਈ। 11.11.2026 (ਹੈਲੋ, ਮੰਗੇਤਰ)।"
 

ਜ਼ਿਕਰਯੋਗ ਹੈ ਕਿ ਅਰਸ਼ਦੀਪ ਸਿੰਘ ਇਸ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਨਾਲ ਨਿਊਜ਼ੀਲੈਂਡ ਦੌਰੇ ’ਤੇ ਹਨ। ਸਮਰੀਨ ਵੀ ਉਨ੍ਹਾਂ ਦੇ ਕ੍ਰਿਕਟ ਕਰੀਅਰ ਦੌਰਾਨ ਕਈ ਮੌਕਿਆਂ ’ਤੇ ਨਾਲ ਨਜ਼ਰ ਆਉਂਦੀ ਰਹੀ ਹੈ। ਪਿਛਲੇ ਕੁਝ ਸਮੇਂ ਦੌਰਾਨ ਉਨ੍ਹਾਂ ਨੂੰ ਆਈਪੀਐੱਲ (IPL) ਅਤੇ ਕ੍ਰਿਕਟ ਦੌਰਿਆਂ ਸਮੇਂ ਵੀ ਅਰਸ਼ਦੀਪ ਦੇ ਨਾਲ ਦੇਖਿਆ ਗਿਆ ਹੈ।
 

ਇਸ ਮੰਗਣੀ ਦਾ ਐਲਾਨ ਇੱਕ ਹੋਰ ਅਹਿਮ ਖ਼ਬਰ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਇਆ ਹੈ। ਦਰਅਸਲ, ਇਸ ਤੋਂ ਪਹਿਲਾਂ ਅਰਸ਼ਦੀਪ ਸਿੰਘ ਦੇ ਪੰਜਾਬ ਕਿੰਗਜ਼ ਨੂੰ ਛੱਡ ਕੇ ਮੁੰਬਈ ਇੰਡੀਅਨਜ਼ ਵਿੱਚ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।
 

ਇਸ ਤੋਂ ਪਹਿਲਾਂ 26 ਜੁਲਾਈ ਨੂੰ ਅਰਸ਼ਦੀਪ ਨੇ ਸਮਰੀਨ ਕੌਰ ਨਾਲ ਆਪਣੀਆਂ ਦੋ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ਵਿੱਚ 'ਮਾਈ ਪਰਸਨ' ਲਿਖਿਆ ਸੀ। ਹੁਣ ਮੰਗਣੀ ਦੇ ਐਲਾਨ ਨਾਲ ਇਸ ਜੋੜੇ ਨੇ ਆਪਣੇ ਰਿਸ਼ਤੇ ਦੇ ਨਵੇਂ ਪੜਾਅ ਦੀ ਸ਼ੁਰੂਆਤ ਕੀਤੀ ਹੈ।