ਨਿਊਜ਼ੀਲੈਂਡ ਨੂੰ ਹਰਾ ਕੇ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਭਾਰਤ

ਨਿਊਜ਼ੀਲੈਂਡ ਨੂੰ ਹਰਾ ਕੇ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਭਾਰਤ

ਚੰਡੀਗੜ੍ਹ,

ਮਹਿਲਾ ਵਨਡੇ ਵਿਸ਼ਵ ਕੱਪ 2025 ਦਾ 24ਵਾਂ ਮੈਚ ਅੱਜ ਵੀਰਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ (IND Vs NZ) ਵਿਚਾਲੇ ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿਖੇ ਖੇਡਿਆ ਗਿਆ।



ਜਿੱਥੇ ਮੇਜ਼ਬਾਨ ਭਾਰਤ ਨੇ ਨਿਊਜ਼ੀਲੈੇਂਡ ਨੂੰ ਹਰਾ ਕੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਐਂਟਰੀ ਕਰ ਲਈ ਹੈ। ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 53 ਦੌੜਾਂ (ਡੀਐਲਐਸ) ਨਾਲ ਹਰਾਇਆ। ਇਸ ਦੇ ਨਾਲ, ਭਾਰਤ ਮਹਿਲਾ ਨਾਕਆਊਟ ਪੜਾਅ ਵਿੱਚ ਪਹੁੰਚਣ ਵਾਲੀ ਚੌਥੀ ਅਤੇ ਆਖਰੀ ਟੀਮ ਬਣ ਗਈ, ਜਦੋਂ ਕਿ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਬਾਹਰ ਹੋ ਗਏ ਹਨ।



ਅੱਜ ਨਿਊਜ਼ੀਲੈਂਡ ਨੇ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 49 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 340 ਦੌੜਾਂ ਬਣਾਈਆਂ। ਮੀਂਹ ਕਾਰਨ ਇੱਕ ਓਵਰ ਘੱਟ ਗਿਆ। ਇਹ ਟੀਮ ਦਾ ਵਿਸ਼ਵ ਕੱਪ ਦਾ ਸਰਵੋਤਮ ਸਕੋਰ ਸੀ। ਟੀਮ ਇੰਡੀਆ ਲਈ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਮ੍ਰਿਤੀ ਮੰਧਾਨਾ ਨੇ 109, ਪ੍ਰਤੀਕਾ ਰਾਵਲ ਨੇ 122 ਅਤੇ ਜੇਮੀਮਾ ਰੌਡਰਿਗਜ਼ ਨੇ 76 ਦੌੜਾਂ ਬਣਾਈਆਂ।



ਨਿਊਜ਼ੀਲੈਂਡ ਨੂੰ ਡੀਐਲਐਸ ਵਿਧੀ ਦੀ ਵਰਤੋਂ ਕਰਦੇ ਹੋਏ 44 ਓਵਰਾਂ ਵਿੱਚ 325 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। ਟੀਮ 8 ਵਿਕਟਾਂ ਗੁਆਉਣ ਤੋਂ ਬਾਅਦ ਸਿਰਫ਼ 271 ਦੌੜਾਂ ਹੀ ਬਣਾ ਸਕੀ। ਗੇਂਦਬਾਜ਼ੀ ਵਿੱਚ, ਭਾਰਤ ਵੱਲੋਂ ਕ੍ਰਾਂਤੀ ਗੌਡ ਅਤੇ ਰੇਣੂਕਾ ਠਾਕੁਰ ਨੇ 2-2 ਵਿਕਟਾਂ ਲਈਆਂ। ਸਨੇਹ ਰਾਣਾ, ਸ਼੍ਰੀ ਚਰਨੀ, ਦੀਪਤੀ ਸ਼ਰਮਾ ਅਤੇ ਪ੍ਰਤੀਕਾ ਰਾਵਲ ਨੇ 1-1 ਵਿਕਟ ਲਈ।


ਦੱਸ ਦਈਏ ਕਿ ਭਾਰਤ ਤੋਂ ਇਲਾਵਾ, ਆਸਟ੍ਰੇਲੀਆ, ਇੰਗਲੈਂਡ ਅਤੇ ਦੱਖਣੀ ਅਫਰੀਕਾ ਨੇ ਵੀ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।