ਸਚਿਨ ਪਾਇਲਟ ਦਾ 'ਆਪ' ਸਰਕਾਰ 'ਤੇ ਤਿੱਖਾ ਹਮਲਾ: 'ਪੰਜਾਬ 'ਚ ਖਾਣਾ 45 ਮਿੰਟਾਂ 'ਚ, ਪਰ ਨਸ਼ਾ 20 ਮਿੰਟਾਂ 'ਚ ਪਹੁੰਚਦੈ ਘਰ'

ਸਚਿਨ ਪਾਇਲਟ ਦਾ 'ਆਪ' ਸਰਕਾਰ 'ਤੇ ਤਿੱਖਾ ਹਮਲਾ: 'ਪੰਜਾਬ 'ਚ ਖਾਣਾ 45 ਮਿੰਟਾਂ 'ਚ, ਪਰ ਨਸ਼ਾ 20 ਮਿੰਟਾਂ 'ਚ ਪਹੁੰਚਦੈ ਘਰ'

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ('ਆਪ') ਸਰਕਾਰ 'ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਪਾਇਲਟ ਨੇ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ, ਸਿਰ ਚੜ੍ਹੇ ਕਰਜ਼ੇ ਅਤੇ ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। 'ਨਸ਼ਿਆਂ ਦੀ ਹੋ ਰਹੀ ਹੋਮ ਡਿਲੀਵਰੀ' ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦੀ ਭਿਆਨਕ ਤਸਵੀਰ ਪੇਸ਼ ਕਰਦਿਆਂ ਸਚਿਨ ਪਾਇਲਟ ਨੇ ਕਿਹਾ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਪੂਰੇ ਸੂਬੇ ਦਾ ਵਿਆਪਕ ਦੌਰਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ, "ਜੇਕਰ ਤੁਸੀਂ ਘਰ ਜਾਂ ਪਿੰਡ ਵਿੱਚ ਬੈਠੇ ਹੋਵੋ, ਤਾਂ 'ਬਲਿੰਕਿਟ' (Blinkit) ਜਾਂ 'ਜ਼ੋਮੈਟੋ' (Zomato) ਰਾਹੀਂ ਖਾਣਾ ਮੰਗਵਾਉਣ ਵਿੱਚ 45 ਮਿੰਟ ਲੱਗ ਜਾਂਦੇ ਹਨ, ਜਦਕਿ 'ਚਿੱਟਾ' ਅਤੇ ਹੋਰ ਨਸ਼ੇ 20 ਮਿੰਟਾਂ ਵਿੱਚ ਹੀ ਤੁਹਾਡੇ ਦਰਵਾਜ਼ੇ 'ਤੇ ਪਹੁੰਚ ਜਾਂਦੇ ਹਨ।" ਉਨ੍ਹਾਂ ਦੋਸ਼ ਲਾਇਆ ਕਿ 2022 ਵਿੱਚ 92 ਸੀਟਾਂ ਦਾ ਇਤਿਹਾਸਕ ਫਤਵਾ ਹਾਸਲ ਕਰਨ ਵਾਲੀ 'ਆਪ' ਸਰਕਾਰ ਨਸ਼ਿਆਂ ਦੀ 'ਹੋਮ ਡਿਲੀਵਰੀ' ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਸੂਬੇ ਸਿਰ ਵਧਿਆ 4.5 ਲੱਖ ਕਰੋੜ ਦਾ ਕਰਜ਼ਾ ਸੂਬੇ ਦੀ ਆਰਥਿਕ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਪਾਇਲਟ ਨੇ ਕਿਹਾ ਕਿ ਪੰਜਾਬ ਸਿਰ ਕਰਜ਼ਾ 2.5 ਲੱਖ ਕਰੋੜ ਰੁਪਏ ਤੋਂ ਵਧ ਕੇ 4.5 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਉਦਯੋਗ ਅਤੇ ਨਵਾਂ ਨਿਵੇਸ਼ ਬਾਹਰ ਜਾ ਰਹੇ ਹਨ, ਕਾਰੋਬਾਰੀਆਂ ਨੂੰ ਫਿਰੌਤੀਆਂ ਲਈ ਧਮਕੀਆਂ ਮਿਲ ਰਹੀਆਂ ਹਨ ਅਤੇ ਨਸ਼ਿਆਂ ਨੇ ਸਮਾਜਿਕ ਤਾਣੇ-ਬਾਣੇ ਨੂੰ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਗਾਮੀ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ 'ਆਪ' ਵਿਚਕਾਰ ਹੀ ਹੋਵੇਗਾ, ਕਿਉਂਕਿ ਮਾਝਾ, ਦੋਆਬਾ ਅਤੇ ਮਾਲਵਾ ਵਿੱਚ ਕਾਂਗਰਸ ਦਾ ਵੋਟ ਬੈਂਕ ਪੂਰੀ ਤਰ੍ਹਾਂ ਮਜ਼ਬੂਤ ਹੈ। ਧੜੇਬੰਦੀ ਖ਼ਾਰਜ, ਸਮੂਹਿਕ ਲੀਡਰਸ਼ਿਪ 'ਤੇ ਜ਼ੋਰ ਪਾਰਟੀ ਅੰਦਰੂਨੀ ਧੜੇਬੰਦੀ ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਸਚਿਨ ਪਾਇਲਟ ਨੇ ਇਸ ਨੂੰ 'ਚੰਗਾ ਮੁਕਾਬਲਾ' (Healthy Competition) ਕਰਾਰ ਦਿੱਤਾ। ਸੂਬਾ ਕਾਂਗਰਸ ਪ੍ਰਧਾਨ ਪਰਗਟ ਸਿੰਘ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਇੱਕ ਚਿਹਰੇ 'ਤੇ ਨਿਰਭਰ ਨਹੀਂ ਹੈ ਅਤੇ ਪੂਰੀ ਟੀਮ ਭਾਵਨਾ ਨਾਲ ਚੋਣ ਮੈਦਾਨ ਵਿੱਚ ਉਤਰੇਗੀ। ਉਨ੍ਹਾਂ ਕਿਹਾ, "ਕੈਪਟਨ ਉਦੋਂ ਹੀ ਮਜ਼ਬੂਤ ਹੁੰਦਾ ਹੈ ਜਦੋਂ ਉਸ ਦੀ ਟੀਮ ਉਸ ਦੇ ਨਾਲ ਹੋਵੇ।" ਕੈਪਟਨ ਅਮਰਿੰਦਰ ਸਿੰਘ 'ਤੇ ਬੋਲੇ ਪਾਇਲਟ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਪਾਇਲਟ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣਾ ਉਨ੍ਹਾਂ ਦਾ ਨਿੱਜੀ ਫੈਸਲਾ ਸੀ, ਪਰ ਉਹ ਉੱਥੇ ਖ਼ੁਸ਼ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਭਾਜਪਾ ਦੇ ਜ਼ਿਆਦਾਤਰ ਪ੍ਰਮੁੱਖ ਚਿਹਰੇ ਸਾਬਕਾ ਕਾਂਗਰਸੀ ਹੀ ਹਨ ਅਤੇ ਭਾਜਪਾ ਵਿੱਚ ਬਾਹਰੋਂ ਆਏ ਆਗੂਆਂ ਨੂੰ ਅਸਲ ਸਤਿਕਾਰ ਨਹੀਂ ਮਿਲਦਾ।