ਪੰਜਾਬ ਦੇ ਕਈ ਸ਼ਹਿਰਾਂ ਵਿੱਚ ਚੰਗੀ ਪੋਲਿੰਗ, ਸੰਵੇਦਨਸ਼ੀਲ ਬੂਥਾਂ ‘ਤੇ ਸਖ਼ਤ ਸੁਰੱਖਿਆ

ਪੰਜਾਬ ਦੇ ਕਈ ਸ਼ਹਿਰਾਂ ਵਿੱਚ ਚੰਗੀ ਪੋਲਿੰਗ, ਸੰਵੇਦਨਸ਼ੀਲ ਬੂਥਾਂ ‘ਤੇ ਸਖ਼ਤ ਸੁਰੱਖਿਆ

ਪੰਜਾਬ ਵਿੱਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਮੰਗਲਵਾਰ ਨੂੰ ਵੋਟਿੰਗ ਜਾਰੀ ਹੈ। ਰਾਜ ਚੋਣ ਕਮਿਸ਼ਨ ਮੁਤਾਬਕ ਸਵੇਰੇ 10 ਵਜੇ ਤੱਕ ਸੂਬੇ ਵਿੱਚ ਕੁੱਲ 13.5 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਚੋਣ ਪ੍ਰਕਿਰਿਆ ਦੌਰਾਨ ਇਸ ਵਾਰ ਈਵੀਐਮ ਦੀ ਥਾਂ ਬੈਲਟ ਪੇਪਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ, ਜੋ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਚੋਣ ਵਿੱਚ ਕੁੱਲ 7,555 ਉਮੀਦਵਾਰ ਮੈਦਾਨ ਵਿੱਚ ਹਨ। ਵੱਖ-ਵੱਖ ਜ਼ਿਲ੍ਹਿਆਂ ਅਤੇ ਨਗਰ ਕੌਂਸਲਾਂ ਵਿੱਚ ਸਵੇਰੇ 10 ਵਜੇ ਤੱਕ ਦਰਜ ਕੀਤੀ ਗਈ ਪੋਲਿੰਗ ਦੇ ਅੰਕੜੇ ਵੀ ਸਾਹਮਣੇ ਆਏ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 14.5 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ, ਜਦਕਿ ਬਠਿੰਡਾ ਵਿੱਚ 16 ਫ਼ੀਸਦੀ ਵੋਟਾਂ ਪਈਆਂ। ਜ਼ੀਰਕਪੁਰ ਵਿੱਚ 9 ਫ਼ੀਸਦੀ ਅਤੇ ਫਿਰੋਜ਼ਪੁਰ ਨਗਰ ਕੌਂਸਲ ਚੋਣਾਂ ਦੌਰਾਨ 13 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 19.2 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਤੋਂ ਇਲਾਵਾ ਡੇਰਾਬੱਸੀ ਵਿੱਚ 13.9 ਫ਼ੀਸਦੀ, ਬਰਨਾਲਾ ਵਿੱਚ 17.8 ਫ਼ੀਸਦੀ ਅਤੇ ਸੰਗਰੂਰ ਵਿੱਚ 17.19 ਫ਼ੀਸਦੀ ਪੋਲਿੰਗ ਹੋਈ। ਗੁਰਦਾਸਪੁਰ ਜ਼ਿਲ੍ਹੇ ਦੇ ਇਲਾਕਿਆਂ ਵਿੱਚ ਵੀ ਵੋਟਿੰਗ ਦੇ ਅੰਕੜੇ ਸਾਹਮਣੇ ਆਏ ਹਨ। ਨਗਰ ਨਿਗਮ ਬਟਾਲਾ ਵਿੱਚ 14.01 ਫ਼ੀਸਦੀ, ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਵਿੱਚ 14.54 ਫ਼ੀਸਦੀ, ਧਾਰੀਵਾਲ ਵਿੱਚ 17.24 ਫ਼ੀਸਦੀ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ 22.37 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਰਾਜ ਚੋਣ ਕਮਿਸ਼ਨ ਦੇ ਅਨੁਸਾਰ, ਚੋਣਾਂ ਲਈ ਕੁੱਲ 3,977 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 740 ਬੂਥਾਂ ਨੂੰ ਸੰਵੇਦਨਸ਼ੀਲ ਅਤੇ 274 ਬੂਥਾਂ ਨੂੰ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ। ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਕਰੀਬ 36,000 ਕਰਮਚਾਰੀ ਤਾਇਨਾਤ ਕੀਤੇ ਗਏ ਹਨ।