ਅਫਗਾਨਿਸਤਾਨ ਸੀਰੀਜ਼ ਦੇ ਆਖਰੀ ਮੈਚ ਤੋਂ ਪਹਿਲਾਂ ਹਰਸ਼ਿਤ ਰਾਣਾ ਨੂੰ ਮਿਲੀ ਭਾਰਤੀ ਟੀਮ ਵਿੱਚ ਜਗ੍ਹਾ
- ਖੇਡਾਂ
- (Asia/Kolkata)
ਅਫਗਾਨਿਸਤਾਨ ਖ਼ਿਲਾਫ਼ ਤੀਜੇ ਅਤੇ ਆਖਰੀ ਵਨਡੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਹੁਲਾਰਾ ਮਿਲਿਆ ਹੈ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਭਾਰਤੀ ਸਕੁਆਡ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼ੁੱਕਰਵਾਰ ਨੂੰ ਇਸ ਦੀ ਅਧਿਕਾਰਕ ਪੁਸ਼ਟੀ ਕੀਤੀ। ਬੀਸੀਸੀਆਈ ਮੁਤਾਬਕ, ਹਰਸ਼ਿਤ ਰਾਣਾ ਨੇ ਸੈਂਟਰ ਆਫ ਐਕਸੀਲੈਂਸ ਵਿੱਚ ਆਪਣਾ ਰਿਹੈਬਿਲੀਟੇਸ਼ਨ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਅਤੇ ਉਹ ਚੇਨਈ ਵਿੱਚ ਭਾਰਤੀ ਟੀਮ ਨਾਲ ਜੁੜ ਗਏ ਹਨ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤਿੰਨ ਮੈਚਾਂ ਦੀ ਵਨਡੇ ਲੜੀ ਦਾ ਤੀਜਾ ਅਤੇ ਆਖਰੀ ਮੁਕਾਬਲਾ 20 ਜੂਨ ਨੂੰ ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਹਰਸ਼ਿਤ ਰਾਣਾ ਦੇ ਇਸ ਮੈਚ ਵਿੱਚ ਖੇਡਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨਾਲ ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈ। ਮੌਜੂਦਾ ਸਮੇਂ ਭਾਰਤੀ ਟੀਮ ਤਿੰਨ ਮੈਚਾਂ ਦੀ ਲੜੀ ਵਿੱਚ 2-0 ਨਾਲ ਅਜੇਤੂ ਬੜ੍ਹਤ ਬਣਾਈ ਹੋਈ ਹੈ। ਭਾਰਤ ਨੇ ਪਹਿਲਾ ਵਨਡੇ ਸੱਤ ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਦੂਜੇ ਮੈਚ ਵਿੱਚ 170 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਗੌਰਤਲਬ ਹੈ ਕਿ ਹਰਸ਼ਿਤ ਰਾਣਾ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਦੱਖਣੀ ਅਫਰੀਕਾ ਖ਼ਿਲਾਫ਼ ਅਭਿਆਸ ਮੈਚ ਦੌਰਾਨ ਜ਼ਖ਼ਮੀ ਹੋ ਗਏ ਸਨ। ਸੱਟ ਗੰਭੀਰ ਹੋਣ ਕਾਰਨ ਉਨ੍ਹਾਂ ਦੀ ਸਰਜਰੀ ਕਰਵਾਉਣੀ ਪਈ, ਜਿਸ ਕਰਕੇ ਉਹ ਟੀ-20 ਵਿਸ਼ਵ ਕੱਪ ਅਤੇ ਆਈਪੀਐਲ ਵਿੱਚ ਹਿੱਸਾ ਨਹੀਂ ਲੈ ਸਕੇ ਸਨ। ਹੁਣ ਰਿਹੈਬਿਲੀਟੇਸ਼ਨ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੀ ਟੀਮ ਵਿੱਚ ਵਾਪਸੀ ਨੂੰ ਭਾਰਤੀ ਟੀਮ ਲਈ ਸਕਾਰਾਤਮਕ ਮੰਨਿਆ ਜਾ ਰਿਹਾ ਹੈ।
Leave a Reply