ਪੁਸਤਕ ------------ਗੁਰਬਾਣੀ ਗਾਇਨ (ਭਾਗ ਪਹਿਲਾ )
- ਪੰਜਾਬ
- (Asia/Kolkata)
ਲੇਖਕ --------------ਸ੍ਰ: ਇਕਬਾਲ ਸਿੰਘ ਬਮਰਾਹ
ਪ੍ਰਕਾਸ਼ਕ ------------ਲੇਖਕ ਖ਼ੁਦ
ਪੰਨੇ --------------298 ਮੁੱਲ ----700 ਰੁਪਏ
ਵੱਡਆਕਾਰੀ ਪੁਸਤਕ ਗੁਰਬਾਣੀ ਵਿੱਚ ਰਾਗਾਂ ਦੀ ਖੋਜ ਪੁਸਤਕ ਹੈ। ਪੁਸਤਕ ਲੇਖਕ ਇਕਬਾਲ ਸਿੰਘ ਬਮਰਾਹ ਸੰਗੀਤ ਖੇਤਰ ਦੀ ਉੱਘੀ ਸ਼ਖ਼ਸੀਅਤ ਹੈ । ਲੇਖਕ ਦਾ ਭੂਮਿਕਾ ਵਿੱਚ ਸਵੈ ਕਥਨ ਹੈ ਕਿ ਸੰਗੀਤਕ ਖੇਤਰ ਵਿੱਚ ਵਧੇਰੇ ਕਿਤਾਬਾਂ ਹਿੰਦੀ ਵਿੱਚ ਮਿਲਦੀਆਂ ਹਨ । ਪਰ ਇਸ ਪੁਸਤਕ ਨੂੰ ਮੈਂ ਪੰਜਾਬੀ ਵਿੱਚ ਲਿਖ ਕੇ ਮਾਂ ਬੋਲੀ ਦੇ ਪ੍ਰੇਮੀਆਂ ਨੂੰ ਅਤੇ ਸੰਗੀਤ ਵਿੱਚ ਰਾਗਾਂ ਦਾ ਜ਼ਿਕਰ ਕੀਤਾ ਹੈ । ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ 31 ਰਾਗ ਹਨ । ਇਨ੍ਹਾਂ ਰਾਗਾਂ ਤੋਂ ਇਲਾਵਾ ਲੇਖਕ ਨੇ ਭਾਰਤੀ ਸੰਗੀਤ ਦੇ 31 ਹੋਰ ਰਾਗਾਂ ਦਾ ਸੁਰ ਪੈਟਰਨ, ਤਾਲ ਪ੍ਰਬੰਧ, ਰਾਗ ਦਾ ਵਿਸਥਾਰ, ਰਾਗਾਂ ਦੀ ਉਤਪਤੀ, ਸਵਰ ਲਿਪੀ ਪ੍ਰਣਾਲੀ, ਸਵਰ ਚਿੰਨ੍ਹ, ਮੁਖ ਸਵਰ ਸੰਗਤੀਆ, ਜਾਤੀ ਵਾਦੀ, ਸੰਵਾਦੀ, ਰਾਗ ਗਾਇਨ ਸਮਾਂ, ਆਰੋਹ, ਅਵਰੋਹ, ਸੁਰ ਵਿਸਥਾਰ ਤੇ ਸੰਗੀਤਕ ਧੁਨਾਂ ਤੇ ਹੋਰ ਸੰਗੀਤਕ ਬਾਰੀਕੀਆਂ ਦਾ ਜ਼ਿਕਰ ਹੈ ।ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਅਨੁਸਾਰ ਗੁਰਬਾਣੀ ਸ਼ਬਦ, ਭਾਈ ਗੁਰਦਾਸ ਵਾਰਾਂ, ਭਗਤ ਬਾਣੀ ਹਰੇਕ ਰਾਗ ਵਿੱਚ ਦਰਜ ਗੁਰੂ ਸਾਹਿਬਾਨ ਦੀ ਰਚੀ ਇਲਾਹੀ ਬਾਣੀ ਦੀ ਤਰਤੀਬ, ਗੁਰੂ ਗ੍ਰੰਥ ਸਾਹਿਬ ਬਾਣੀ ਹਵਾਲੇ (ਅੰਗ ਸਹਿਤ ) ਦਾ ਵੇਰਵਾ ਸਵਯੈ, ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੇ ਰਾਗਾਂ ਦੀ ਭਰਪੂਰ ਜਾਣਕਾਰੀ ਕਿਤਾਬ ਵਿੱਚ ਲੇਖਕ ਨੇ ਵਿਸਥਾਰ ਸਹਿਤ ਜ਼ਿਕਰ ਕੀਤਾ ਹੈ।
ਲੇਖਕ ਨੇ ਮੁਢਲੇ ਅੱਠ ਪੰਨਿਆਂ ਤੇ ਆਪਣੇ ਬਾਰੇ ਵਿਸਥਾਰ ਦਿੱਤਾ ਹੈ ਜਿਸ ਵਿੱਚ ਲੇਖਕ ਦਾ ਜਨਮ ਤੋਂ ਸਿੱਖਿਆ ਪ੍ਰਾਪਤੀ, ਸੰਗੀਤ ਖੇਤਰ ਵਿੱਚ ਕੀਤੀਆਂ ਬਹੁਪੱਖੀ ਪ੍ਰਾਪਤੀਆਂ, ਵਿਆਹ । ਜਨਮ ਤੋਂ ਸੰਗੀਤ ਨਾਲ ਜੁੜਨਾ, ਅੱਖਾਂ ਦੀ ਰੌਸ਼ਨੀ ਨਾ ਹੋਣ ਦੇ (ਨੇਤਰਹੀਣਤਾ ) ਬਾਵਜੂਦ ਸੰਗੀਤ ਦੀਆਂ ਵਿਸ਼ੇਸ਼ ਡਿਗਰੀਆਂ ਹਾਸਲ ਕਰਨੀਆਂ, ਨੇਤਰਹੀਣ ਸਕੂਲ ਦੀ ਨੌਕਰੀ ਦਾ ਜ਼ਿਕਰ ਹੈ । ਲੇਖਕ ਸ਼ਾਸਤਰੀ ਸੰਗੀਤ ਦਾ ਵਿਸ਼ੇਸ਼ਗ ਹੈ । ਉਸਨੇ ਹਰਿਵੱਲਭ ਸੰਗੀਤ ਸੰਮੇਲਨ ਜਲੰਧਰ, ਮਾਸਟਰ ਰਤਨ ਸੰਗੀਤ ਸੰਮੇਲਨ ਫਗਵਾੜਾ, ਬਸੰਤ ਸੰਗੀਤ ਸੰਮੇਲਨ ਹੁਸ਼ਿਆਰਪੁਰ, ਦਿਗੰਬਰ ਸੰਗੀਤ ਸੰਮੇਲਨ ਫ਼ਰੀਦਕੋਟ, ਭਾਈ ਮਰਦਾਨਾ ਸੰਗੀਤ ਸੰਮੇਲਨ ਪਟਿਆਲਾ, ਤਰਸੇਮ ਸਿੰਘ ਸਿੱਧੂ ਸੰਗੀਤ ਸੰਮੇਲਨ ਲੁਧਿਆਣਾ, ਹੋਲੀ ਸੰਗੀਤ ਸੰਮੇਲਨ ਅੰਮ੍ਰਿਤਸਰ ਵਿੱਚ ਭਾਗ ਲੈ ਕੇ ਵਿਸ਼ੇਸ਼ ਸੰਗੀਤ ਵਿਦਵਤਾ ਦਾ ਪ੍ਰਗਟਾਵਾ ਕੀਤਾ ਹੈ । ਲੇਖਕ ਨੇ ਆਪਣਾ ਯੂ ਟਿਊਬ ਚੈਨਲ ਵੀ ਬਣਾਇਆ ਹੋਇਆ ਹੈ । ਲੇਖਕ ਕੋਲੋਂ ਹਜ਼ਾਰਾਂ ਵਿਦਿਆਰਥੀ ਸੰਗੀਤ ਦੀ ਉੱਚ ਤਾਲੀਮ ਹਾਸਲ ਕਰ ਰਹੇ ਹਨ । ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਾਏ ਜਾਂਦੇ ਸੱਭਿਆਚਾਰ ਤੇ ਸੰਗੀਤ ਮੁਕਾਬਲਿਆਂ ਵਿੱਚ ਲੇਖਕ ਦੀ ਭਰਵੀਂ ਸ਼ਮੂਲੀਅਤ ਹੈ ।
ਲੇਖਕ ਸੰਗੀਤ ਦੇ ਖੇਤਰ ਵਿੱਚ ਕਈ ਸੰਸਥਾਵਾਂ ਤੋਂ ਗੋਲਡ ਮੈਡਲ ਵੀ ਹਾਸਲ ਕਰ ਚੁੱਕਾ ਹੈ । ਉਸ ਦੀ ਨਿਮਰਤਾ ਹੈ ਕਿ ਉਹ ਅਜੇ ਵੀ ਆਪਣੇ ਆਪ ਨੂੰ ਸੰਗੀਤ ਦਾ ਵਿਦਿਆਰਥੀ ਕਹਿੰਦਾ ਹੈ । ਪੁਸਤਕ ਅੰਦਰ ਝਾਤ ਮਾਰਨ ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਰਾਗ ਸਿਰੀ ਰਾਗ ਦਾ ਵਿਸਥਾਰ ਹੈ । ਰਾਗ ਵਿਸ਼ੇਸ਼ਤਾ ਅੰਤਰਾ, ਮਾਤਰਾਵਾਂ, ਤਾਨ ਦਾ ਵੇਰਵਾ ਹੈ । ਰਾਗ ਮਾਝ, ਖਿਆਲ ਪਾਤਸ਼ਾਹੀ ਦਸਵੀਂ, ਰਾਗ ਗਉੜੀ, ਰਾਗ ਆਸਾ, ਰਾਗ ਗੂਜਰੀ, ਰਾਗ ਦੇਵਗੰਧਾਰੀ,ਰਾਗ ਬਿਹਾਗੜਾ, ਰਾਗ ਵਡਹੰਸ, ਰਾਗ ਸੋਰਠਿ ਰਾਗ ਧਨਾਸਰੀ, ਰਾਗ ਜੈਤਸਰੀ, ਰਾਗ ਟੋਡੀ, ਰਾਗ ਬੈਰਾੜੀ, ਰਾਗ ਤਿਲੰਗ, ਰਾਗ ਸੂਹੀ, ਰਾਗ ਬਿਲਾਵਲ, ਰਾਗ ਰਾਮਕਲੀ, ਰਾਗ ਗੌਂਡ, ਰਾਗ ਮਾਲੀ ਗਉੜਾ, ਰਾਗ ਨਟ ਨਰਾਇਣ, ਰਾਗ ਮਾਰੂ, ਰਾਗ ਤੁਖਾਰੀ, ਰਾਗ ਬਸੰਤ, ਰਾਗ ਕੇਦਾਰਾ, ਰਾਗ ਭੈਰਉ, ਰਾਗ ਸਾਰੰਗ, ਰਾਗ ਮਲਾਰ, ਰਾਗ ਕਾਨੜਾ, ਰਾਗ ਕਲਿਆਣ, ਰਾਗ ਪ੍ਰਭਾਤੀ, ਰਾਗ ਜੈਜਾਵੰਤੀ ਦਾ ਬਹੁਦਿਸ਼ਾਵੀ ਵੇਰਵਾ ਹੈ । ਜਿਸ ਵਿੱਚ ਅੰਤਰਾ, ਸਥਾਈ, ਸੁਰ ਗਾਇਨ ਸਮਾਂ । ਸੰਬੰਧਤ ਰਾਗ ਦੇ ਬਾਣੀ ਸ਼ਬਦ ਭਾਈ ਗੁਰਦਾਸ ਵਾਰਾਂ ਦਾ ਹਵਾਲੇ ਹਨ । ਜੋ ਸੰਗੀਤ ਪ੍ਰੇਮੀਆਂ ਲਈ ਨਾਯਾਬ ਤੋਹਫਾ ਹੈ ।
ਪੁਸਤਕ ਵਿੱਚ ਕੁਝ ਉਹ ਰਾਗ ਹਨ । ਜੋ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੇ ਹਨ । ਇਹੋ ਜਿਹੇ ਰਾਗ ਹਨ ---ਰਾਗ ਖਮਾਜ, ਰਾਗ ਦੁਰਗਾ, ਰਾਗ ਮਧੂ ਵੰਤੀ, ਰਾਗ ਜੋਨਪੁਰੀ, ਰਾਗ ਅਲੈਯਾਂ ਬਿਲਾਵਲ, ਰਾਗ ਦੇਸ਼, ਰਾਗ ਰਾਗੇਸ਼ਵਰੀ, ਰਾਗ ਭੀੰਮਪਲਾਸੀ, ਰਾਗ ਮੁਲਤਾਨੀ, ਰਾਗ ਮਾਰਵਾ, ਰਾਗ ਤਿਲਕ ਕਾਮੋਦ, ਰਾਗ ਦੇਸ਼ਕਾਰ, ਰਾਗ ਬਿਹਾਗ, ਰਾਗ ਸ਼ਕਰਾ, ਰਾਗ ਵਿਭਾਸ, ਰਾਗ ਹੰਸਦਾਵਨੀ, ਰਾਗ ਪੂਰੀਆ, ਰਾਗ ਗੋਰਖ ਕਲਿਆਣ, ਰਾਗ ਭੂਪਾਲੀ, ਰਾਗ ਹਮੀਰ, ਰਾਗ ਬਗੇਸਰੀ, ਰਾਗ ਜਲਧਰ ਕੇਦਾਰ, ਰਾਗ ਕਾਫੀ, ਰਾਗ ਕਲਿੰਗੜਾਂ, ਰਾਗ ਕਲਾਵਤੀ ਤੇ ਰਾਗ ਦੇਵਗਿਰੀ ਬਿਲਾਵਲ ਦਾ ਗਾਇਨ ਸਮਾਂ ਅੰਤਰਾ ਸਥਾਈ ਸਵਰ ਚਿੰਨ੍ਹ ਤੇ ਇਨ੍ਹਾਂ ਰਾਗਾਂ ਦਾ ਉਤਪਤੀ ਸਾਂਨ । ਭਾਰਤ ਦੇ ਹੋਰ ਸੂਬਿਆਂ ਵਿੱਚੋਂ ਰਾਗਾਂ ਦਾ ਸਥਾਨ ਅੰਤਰਣ , ਸੰਬੰਧਿਤ ਰਾਗ ਦੇ ਸਬਦ ਹਨ । ਅਧਿਐਨ ਕਰਨ ਤੇ ਹੋਰ ਵੀ ਰਾਗਾਂ ਬਾਰੇ ਬਹੁਤ ਕੁਝ ਨਵਾਂ ਪ੍ਰਾਪਤ ਹੁੰਦਾ ਹੈ । ਜੋ ਕਿ ਰਾਗੀ ਸਾਹਿਬਾਨ, ਗੀਤਕਾਰ, ਗਾਇਕ ਕਲਾਕਾਰਾਂ ਲਈ ਬਹੁਤ ਲਾਹੇਵੰਦ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਸ਼ਸ਼ੋਭਿਤ ਬਾਣੀ ਰਾਗ ਮਾਲਾ ਦਾ ਹਵਾਲਾ ਲੇਖਕ ਨੇ ਕਈ ਰਾਗਾਂ ਨਾਲ ਦਿੱਤਾ ਹੈ । ਕੁਝ ਰਾਗ ਦੋ ਰਾਗਾਂ ਦੇ ਸੁਮੇਲ ਤੋਂ ਬਣੇ ਹਨ । ਪੁਸਤਕ ਦੀਆਂ ਕੁਝ ਵਿਸ਼ੇਸ਼ਤਾਵਾਂ ਵੇਖੋ---- ਅਕਬਰ ਦੇ ਦਰਬਾਰ ਵਿੱਚ ਤਾਨਸੈਨ ਵੱਲੋਂ ਮਲ੍ਹਾਰ ਰਾਗ ਗਾਇਆ ਜਾਂਦਾ ਸੀ ----ਰਾਗ ਤੁਖਾਰੀ ਮਧੁਰ ਰਾਗ ਹੈ। ਇਹ ਰਾਗ ਰਾਗ ਮਧੂਵੰਤੀ ਅਤੇ ਪਰਦੀਪਕੀ ਰਾਗ ਦੇ ਮਿਸ਼ਰਣ ਤੋਂ ਬਣਿਆ ਹੈ । ਪ੍ਰੋ: ਤਾਰਾ ਸਿੰਘ ਅਨੁਸਾਰ ਇਸ ਰਾਗ ਦੇ ਤਿੰਨ ਪ੍ਰਕਾਰ ਹਨ ।(ਪੰਨਾ 198) ਪੁਰਾਤਨ ਗ੍ਰੰਥਾਂ ਵਿੱਚ ਮਾਰੂ ਰਾਗ ਦੇ ਕਈ ਹੋਰ ਨਾਮ ਦਰਸਾਏ ਗਏ ਹਨ ਜਿਵੇਂ ਮਾਰਵ, ਮਾਲਵ ,ਮਾਰਵਿਕਾ (ਪੰਨਾ 189) ਮਾਰੂ ਰਾਗ ਵਿੱਚ ਇਕ ਪਾਸੇ ਬੈਰਾਗ ਹੈ ਦੂਸਰੇ ਪਾਸੇ ਸੂਰਬੀਰਤਾ ਹੈ ----ਸੂਰਾ ਸੋ ਪਹਿਚਾਨੀਐ ਜੋ ਲਰੈ ਦੀਂਨ ਕੇ ਹੇਤ -----ਰਾਗ ਬੈਰਾੜੀ ਦਿਨ ਦੇ ਚੌਥੇ ਪਹਿਰ ਦਾ ਰਾਗ ਹੈ ---(ਪੰਨਾ 115 ) ਸ਼ਾਸਤਰੀ ਸੰਗੀਤ ਵਿੱਚ ਰਾਗ ਗੂਜਰੀ ਨੂੰ ਗੂਜਰੀ ਤੌੜੀ ਦਾ ਨਾਂ ਨਾਲ ਜਾਣਿਆ ਜਾਂਦਾ ਹੈ –(ਪੰਨਾ 43) ਮੁਲਤਾਨੀ ਰਾਗ ਦਾ ਨਾਮ ਮੁਲਤਾਨ ਸ਼ਹਿਰ ਦੇ ਨਾਮ ਤੋਂ ਪਿਆ । (ਪੰਨਾ 111) ਲੇਖਕ ਨੇ ਗਉੜੀ ਰਾਗ ਦਾ ਲੰਮਾ ਚੌੜਾ ਵਿਸਥਾਰ ਦਿੱਤਾ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਗਉੜੀ ਰਾਗ ਦੀਆਂ 11 ਕਿਸਮਾਂ ਹਨ। ਇਸ ਵਡੇਰੇ ਰਾਗ ਵਿੱਚ ਪੰਜਵੇਂ ਪਾਤਸ਼ਾਹ ਦੀ ਬਾਣੀ ਸੁਖਮਨੀ ਸਾਹਿਬ ਦਰਜ ਹੈ । ਹੋਰ ਵੀ ਖੋਜ ਭਰਪੂਰ ਬਹੁਤ ਕਥਨ ਹਨ ।
ਵੱਡਆਕਾਰੀ ਪੁਸਤਕ ਸੰਗੀਤ ਪ੍ਰੇਮੀਆਂ, ਕਲਾਕਾਰਾਂ, ਗਾਇਕਾਂ, ਸੰਗੀਤ ਵਿਦਿਆਰਥੀਆਂ, ਸਤਿਕਾਰਿਤ ਰਾਗੀ ਸਾਹਿਬਾਨ, ਢਾਡੀ ਸਾਹਿਬਾਨ, ਪ੍ਰਚਾਰਕਾਂ ਕਥਾ ਵਾਚਕਾਂ, ਅਧਿਆਪਕਾਂ ਲਈ ਅਨਮੋਲ ਗਹਿਣਾ ਹੈ । ਲੇਖਕ ਨੇ ਕਈ ਸਾਲਾਂ ਦੀ ਮਿਹਨਤ ਕਰਕੇ ਪੰਜਾਬੀ ਪਿਆਰਿਆਂ ਨੂੰ ਇਹ ਪੁਸਤਕ ਦਿੱਤੀ ਹੈ। ਪੁਸਤਕ ਦਾ ਨਿੱਘਾ ਸਵਾਗਤ ਹੈ ।
ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
3/1751 ਕੈਲਾਸ਼ ਨਗਰ, ਫਾਜ਼ਿਲਕਾ
ਸੰਪਰਕ – 98148-56160
Leave a Reply