ਘਰ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ: ਉੱਤਰੀ ਰੇਲਵੇ ਨੇ 42 ਨਵੀਂਆਂ ਟਰੇਨਾਂ ਕੀਤੀਆਂ ਨਿਯਮਤ, ਹਜ਼ਾਰਾਂ ਸਪੈਸ਼ਲ ਟ੍ਰਿਪਾਂ ਦਾ ਐਲਾਨ
ਤਿਉਹਾਰਾਂ ਦੇ ਸੀਜ਼ਨ ਦੌਰਾਨ ਆਪਣੇ ਘਰਾਂ ਅਤੇ ਧਾਰਮਿਕ ਅਸਥਾਨਾਂ ਵੱਲ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਅਤੇ ਯਾਤਰੀਆਂ ਲਈ ਸੁਖਾਵੀਂ ਖ਼ਬਰ ਸਾਹਮਣੇ ਆਈ ਹੈ। ਉੱਤਰੀ ਰੇਲਵੇ ਨੇ ਇਸ ਵਾਰ ਯਾਤਰੀਆਂ ਦੀ ਵਧੇਰੇ ਭੀੜ ਨੂੰ ਸੁਚਾਰੂ ਢੰਗ ਨਾਲ ਸੰਭਾਲਣ ਲਈ ਵਿਸ਼ੇਸ਼ ਟਰੇਨਾਂ ਦੇ 6,200 ਤੋਂ ਵੀ ਵੱਧ ਗੇੜੇ (ਟ੍ਰਿਪ) ਲਗਾਉਣ ਦੀ ਵਿਆਪਕ ਯੋਜਨਾ ਤਿਆਰ ਕੀਤੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸਪੈਸ਼ਲ ਟਰਿੱਪਾਂ ਦੀ ਗਿਣਤੀ ਵਿੱਚ ਲਗਭਗ 30 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ, ਜਦਕਿ ਬੀਤੇ ਤਿਉਹਾਰੀ ਸੀਜ਼ਨ ਦੌਰਾਨ ਰੇਲਵੇ ਜ਼ੋਨ ਵੱਲੋਂ 4,666 ਗੇੜੇ ਚਲਾਏ ਗਏ ਸਨ।
ਯਾਤਰੀਆਂ ਦੇ ਸਫ਼ਰ ਨੂੰ ਆਰਾਮਦਾਇਕ, ਸੁਰੱਖਿਅਤ ਅਤੇ ਸੁਚੱਜਾ ਬਣਾਉਣ ਦੇ ਉਦੇਸ਼ ਨਾਲ ਉੱਤਰੀ ਰੇਲਵੇ ਨੇ ਆਪਣੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਹਨ। ਇਨ੍ਹਾਂ ਤਿਆਰੀਆਂ ਦੇ ਹਿੱਸੇ ਵਜੋਂ 42 ਨਵੀਂਆਂ ਟਰੇਨਾਂ ਨੂੰ ਨਿਯਮਤ (ਰੈਗੂਲਰ) ਕੀਤਾ ਗਿਆ ਹੈ, ਜੋ ਇਸ ਤਿਉਹਾਰੀ ਸਮੇਂ ਦੌਰਾਨ ਕੁੱਲ 2,600 ਗੇੜੇ ਲਗਾਉਣਗੀਆਂ। ਇਸ ਤੋਂ ਇਲਾਵਾ, ਤਿਉਹਾਰਾਂ ਦੌਰਾਨ ਵਧਣ ਵਾਲੀ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ 3,600 ਹੋਰ ਵਿਸ਼ੇਸ਼ ਟਰਿੱਪਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
ਉੱਤਰੀ ਰੇਲਵੇ ਵੱਲੋਂ ਦੇਸ਼ ਦੇ ਰਾਜਧਾਨੀ ਖੇਤਰ ਦਿੱਲੀ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਨੂੰ ਵੱਖ-ਵੱਖ ਰਾਜਾਂ ਦੇ ਮਹੱਤਵਪੂਰਨ ਸਥਾਨਾਂ ਨਾਲ ਜੋੜਨ ਵਾਲੇ ਪ੍ਰਮੁੱਖ ਰੂਟਾਂ 'ਤੇ ਇਹ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿੱਚ ਦਿੱਲੀ–ਪਟਨਾ ਵੰਦੇ ਭਾਰਤ, ਸ਼ਕੂਰ ਬਸਤੀ–ਦਰਭੰਗਾ, ਸ਼੍ਰੀ ਮਾਤਾ ਵੈਸ਼ਨੋ ਦੇਵੀ–ਵਾਰਾਣਸੀ, ਚੰਡੀਗੜ੍ਹ–ਪਟਨਾ, ਆਨੰਦ ਵਿਹਾਰ–ਪਾਟਲੀਪੁੱਤਰ, ਨਵੀਂ ਦਿੱਲੀ–ਹਾਵੜਾ, ਕੋਲਕਾਤਾ–ਯੋਗ ਨਗਰੀ ਰਿਸ਼ੀਕੇਸ਼, ਅੰਮ੍ਰਿਤਸਰ–ਬੜੌਨੀ, ਨਵੀਂ ਦਿੱਲੀ–ਦਾਨਾਪੁਰ, ਦਿੱਲੀ–ਕਾਮਾਖਿਆ, ਦਿੱਲੀ–ਗਯਾ ਅਤੇ ਅੰਮ੍ਰਿਤਸਰ–ਜੈਨਗਰ ਰੂਟ ਸ਼ਾਮਲ ਹਨ।
ਰੇਲਵੇ ਅਧਿਕਾਰੀਆਂ ਅਨੁਸਾਰ, ਇਨ੍ਹਾਂ ਵਿਸਤ੍ਰਿਤ ਰੇਲ ਸੇਵਾਵਾਂ ਦਾ ਮੁੱਖ ਮਕਸਦ ਤਿਉਹਾਰੀ ਦਿਨਾਂ ਦੌਰਾਨ ਯਾਤਰੀਆਂ ਦੀ ਵਾਧੂ ਭੀੜ ਨੂੰ ਸੁਚੱਜੇ ਢੰਗ ਨਾਲ ਨਿਪਟਾਉਣਾ, ਆਮ ਟਰੇਨਾਂ 'ਤੇ ਪੈਣ ਵਾਲੇ ਬੋਝ ਨੂੰ ਘਟਾਉਣਾ ਅਤੇ ਲੋਕਾਂ ਨੂੰ ਸਫ਼ਰ ਦੇ ਬਿਹਤਰ ਤੇ ਸੁਖਾਲੇ ਵਿਕਲਪ ਮੁਹੱਈਆ ਕਰਵਾਉਣਾ ਹੈ।