ਨੇਹਾ ਸ਼ੋਰੀ ਕਤਲ ਕਾਂਡ: ਮਰਹੂਮ ਡਰੱਗ ਇੰਸਪੈਕਟਰ ਦੇ ਪਿਤਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸੀਬੀਆਈ ਜਾਂਚ ਦੀ ਕੀਤੀ ਮੰਗ
ਸਾਲ 2019 ਦੌਰਾਨ ਖਰੜ ਸਥਿਤ ਦਫ਼ਤਰ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੀ ਗਈ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਪਿਤਾ ਕੈਪਟਨ ਕੈਲਾਸ਼ ਸ਼ੋਰੀ (ਸੇਵਾਮੁਕਤ) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਸ ਪੂਰੇ ਕਤਲ ਕਾਂਡ ਦੀ ਸੀਬੀਆਈ (CBI) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੰਗ ਪੱਤਰ ਦੀ ਇੱਕ ਕਾਪੀ ਪੰਜਾਬ ਦੇ ਰਾਜਪਾਲ ਨੂੰ ਵੀ ਭੇਜੀ ਗਈ ਹੈ। ਜ਼ਿਕਰਯੋਗ ਹੈ ਕਿ ਨੇਹਾ ਸ਼ੋਰੀ ਨੂੰ 29 ਮਾਰਚ, 2019 ਨੂੰ ਆਪਣੇ ਸਰਕਾਰੀ ਦਫ਼ਤਰ ਵਿੱਚ ਡਿਊਟੀ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਸ਼ੁਰੂਆਤੀ ਪੁਲੀਸ ਜਾਂਚ ਅਨੁਸਾਰ ਹਮਲਾਵਰ ਬਲਵਿੰਦਰ ਸਿੰਘ ਨੇ ਨਿੱਜੀ ਰੰਜਿਸ਼ ਤਹਿਤ ਇਸ ਵਾਰਦਾਤ ਨੂੰ ਇਕੱਲਿਆਂ ਹੀ ਅੰਜਾਮ ਦਿੱਤਾ ਸੀ, ਕਿਉਂਕਿ 2009 ਵਿੱਚ ਉਸ ਦਾ ਡਰੱਗ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਅਧਿਕਾਰੀ ਨੇ ਉਸ ਦੀ ਪਤਨੀ ਨੂੰ ਨਵਾਂ ਲਾਇਸੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਾਂਚ ਏਜੰਸੀਆਂ ਮੁਤਾਬਕ ਹਮਲਾਵਰ ਨੇ ਮੌਕੇ ’ਤੇ ਹੀ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਹਾਲਾਂਕਿ, ਪਰਿਵਾਰ ਨੇ ਇਸ ਸਰਕਾਰੀ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਕੈਪਟਨ ਸ਼ੋਰੀ ਨੇ ਦੋਸ਼ ਲਾਇਆ ਹੈ ਕਿ ਬਲਵਿੰਦਰ ਸਿੰਘ ਨੇ ਖ਼ੁਦਕੁਸ਼ੀ ਨਹੀਂ ਕੀਤੀ, ਸਗੋਂ ਡਰੱਗ ਸਿੰਡੀਕੇਟ ਨਾਲ ਜੁੜੇ ਕਿਸੇ ਕਿਰਾਏ ਦੇ ਸ਼ੂਟਰ ਨੇ ਉਸ ਨੂੰ ਮੌਕੇ ’ਤੇ ਹੀ ਮਾਰ ਦਿੱਤਾ ਤਾਂ ਜੋ ਵੱਡੇ ਮਗਰਮੱਛਾਂ ਦੇ ਨਾਂ ਸਾਹਮਣੇ ਨਾ ਆ ਸਕਣ। ਉਨ੍ਹਾਂ ਦਾਅਵਾ ਕੀਤਾ ਕਿ ਨੇਹਾ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਨੇ ਨਸ਼ਾ ਛੁਡਾਊ ਕੇਂਦਰਾਂ ਲਈ ਆਉਣ ਵਾਲੀਆਂ ਬੂਪ੍ਰੇਨੋਰਫਿਨ (buprenorphine) ਗੋਲੀਆਂ ਸਮੇਤ ਸਰਕਾਰੀ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਕਾਲਾਬਾਜ਼ਾਰੀ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੋਇਆ ਸੀ। ਸੇਵਾਮੁਕਤ ਫ਼ੌਜੀ ਅਧਿਕਾਰੀ ਨੇ ਇੱਕ ਵੱਡੀ ਖ਼ਾਮੀ ਵੱਲ ਇਸ਼ਾਰਾ ਕਰਦਿਆਂ ਦੋਸ਼ ਲਾਇਆ ਕਿ ਹਮਲਾਵਰ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਲਾਗੂ ਆਦਰਸ਼ ਚੋਣ ਜ਼ਾਬਤੇ ਵੇਲੇ ਹਥਿਆਰ ਦਾ ਲਾਇਸੈਂਸ ਜਾਰੀ ਕੀਤਾ ਗਿਆ ਸੀ, ਉਹ ਸਮਾਂ ਜਦੋਂ ਆਮ ਨਾਗਰਿਕਾਂ ਦੇ ਅਸਲੇ ਥਾਣਿਆਂ ਵਿੱਚ ਜਮ੍ਹਾਂ ਕਰਵਾਉਣ ਦੇ ਸਖ਼ਤ ਹੁਕਮ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਤੱਥ ਸੂਬੇ ਦੇ ਰੈਗੂਲੇਟਰੀ ਅਤੇ ਪ੍ਰਸ਼ਾਸਨਿਕ ਅਦਾਰਿਆਂ ਵਿੱਚ ਬੈਠੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਵੱਲ ਸਾਫ਼ ਇਸ਼ਾਰਾ ਕਰਦਾ ਹੈ। ਨਸ਼ਾ ਵਿਰੋਧੀ ਕਾਰਕੁਨ ਅਤੇ ਸਾਬਕਾ ਫ਼ੌਜੀ ਪਰਵਿੰਦਰ ਸਿੰਘ ਝੋਟਾ ਦੇ ਹਾਲ ਹੀ ਵਿੱਚ ਹੋਏ ਕਤਲ ਦਾ ਹਵਾਲਾ ਦਿੰਦਿਆਂ ਕੈਪਟਨ ਸ਼ੋਰੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਮਾਫ਼ੀਆ ਦਾ ਗੱਠਜੋੜ ਇੱਕ ਵਾਰ ਫਿਰ ਬੇਨਕਾਬ ਹੋ ਗਿਆ ਹੈ। ਉਨ੍ਹਾਂ ਆਪਣੀ ਧੀ ਨੂੰ ਵੀ ਇੱਕ ਹੋਰ ਸਾਬਕਾ ਫ਼ੌਜੀ ਦੀ ਧੀ ਦੱਸਿਆ ਜੋ ਇਸ ਗੰਭੀਰ ਸਮੱਸਿਆ ਦੀ ਭੇਟ ਚੜ੍ਹ ਗਈ। ਕੈਪਟਨ ਸ਼ੋਰੀ ਨੇ ਸਥਾਨਕ ਪੁਲੀਸ ’ਤੇ ਲਗਾਤਾਰ ਤੰਗ-ਪਰੇਸ਼ਾਨ ਕਰਨ ਅਤੇ ਨਿਰਪੱਖ ਜਾਂਚ ਮੰਗਣ ਬਦਲੇ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦੇਣ ਦੇ ਗੰਭੀਰ ਦੋਸ਼ ਵੀ ਲਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼ਾਹ ਦੇ ਹਾਲੀਆ ਮਾਨਸਾ ਦੌਰੇ ਦੌਰਾਨ ਪੁਲੀਸ ਨੇ ਪਰਿਵਾਰ ਨੂੰ ਉਨ੍ਹਾਂ ਨਾਲ ਮਿਲਣ ਅਤੇ ਮੰਗ ਪੱਤਰ ਸੌਂਪਣ ਤੋਂ ਰੋਕ ਦਿੱਤਾ ਸੀ। ਅੰਤ ਵਿੱਚ, ਕੈਪਟਨ ਸ਼ੋਰੀ ਨੇ ਇਸ ਸਮੁੱਚੀ ਸਾਜ਼ਿਸ਼, ਚੋਣਾਂ ਦੌਰਾਨ ਹਥਿਆਰ ਲਾਇਸੈਂਸ ਜਾਰੀ ਕਰਨ ਦੇ ਮਾਮਲੇ ਅਤੇ ਅੰਦਰੂਨੀ ਡਰੱਗ ਨੈੱਟਵਰਕ ਦੀ ਤਹਿ ਤੱਕ ਜਾਣ ਲਈ ਮਾਮਲਾ ਤੁਰੰਤ ਸੀਬੀਆਈ ਹਵਾਲੇ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੂਬਾ ਸਰਕਾਰ ਨੂੰ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਦਬਾਅ ਵਾਲੀ ਕਾਰਵਾਈ ’ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਜਾਣ।