ਹੋਰਮੁਜ਼ ਜਲਮਾਰਗ ’ਚ ਇਰਾਨੀ ਕਾਰਵਾਈ ਦੀ ਵੀਡੀਓ ਜਾਰੀ, ਭਾਰਤ ਵੱਲ ਆ ਰਹੇ ਜਹਾਜ਼ਾਂ ਨੂੰ ਰੋਕਿਆ
- ਵਿਦੇਸ਼
- (Asia/Kolkata)
Islamic Revolutionary Guard Corps (ਆਈਆਰਜੀਸੀ) ਵੱਲੋਂ ਜਾਰੀ ਕੀਤੀ ਇੱਕ ਨਾਟਕੀ ਵੀਡੀਓ ਨੇ ਹੋਰਮੁਜ਼ ਜਲਮਾਰਗ ਵਿੱਚ ਹੋਈ ਕਾਰਵਾਈ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਹਥਿਆਰਬੰਦ ਜਲ ਸੈਨਾ ਦੇ ਕਮਾਂਡੋਆਂ ਨੇ ਭਾਰਤ ਵੱਲ ਆ ਰਹੇ ਕਈ ਮਾਲਵਾਹਕ ਜਹਾਜ਼ਾਂ ਨੂੰ ਰੋਕ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ। ਵੀਡੀਓ ਮੁਤਾਬਕ ‘ਏਪਾਮਿਨੌਂਡਾਸ’ ਅਤੇ ‘ਐੱਮ ਐੱਸ ਸੀ ਫ੍ਰਾਂਸਿਸਕਾ’ ਸਮੇਤ ਹੋਰ ਜਹਾਜ਼ਾਂ ਦੇ ਨੇੜੇ ਇਰਾਨ ਦੀਆਂ ਤੇਜ਼ ਰਫ਼ਤਾਰ ਕਿਸ਼ਤੀਆਂ ਪਹੁੰਚਦੀਆਂ ਹਨ, ਜਿਸ ਤੋਂ ਬਾਅਦ ਕਮਾਂਡੋ ਜਹਾਜ਼ਾਂ ’ਤੇ ਸਵਾਰ ਹੁੰਦੇ ਨਜ਼ਰ ਆਉਂਦੇ ਹਨ। ਇਰਾਨੀ ਮੀਡੀਆ ‘ਨੂਰ ਨਿਊਜ਼’ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ‘ਏਪਾਮਿਨੌਂਡਾਸ’ ਜਹਾਜ਼ ਨੇ ਚਿਤਾਵਨੀਆਂ ਨੂੰ ਅਣਡਿੱਠਾ ਕੀਤਾ, ਜਿਸ ਤੋਂ ਬਾਅਦ ਉਸ ’ਤੇ ਗੋਲੀਬਾਰੀ ਕੀਤੀ ਗਈ। ਇਸੇ ਤਰ੍ਹਾਂ ‘ਯੂਫੋਰੀਆ’ ਅਤੇ ‘ਐੱਮ ਐੱਸ ਸੀ ਫ੍ਰਾਂਸਿਸਕਾ’ ਨੂੰ ਵੀ ਰੁਕਣ ਤੋਂ ਪਹਿਲਾਂ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ‘ਏਪਾਮਿਨੌਂਡਾਸ’ ਦੇ ਮੁੱਖ ਕੰਟਰੋਲ ਸੈਂਟਰ (ਬ੍ਰਿਜ) ਨੂੰ ਨੁਕਸਾਨ ਪਹੁੰਚਿਆ, ਹਾਲਾਂਕਿ ਜਹਾਜ਼ ਦੇ ਕਿਸੇ ਵੀ ਕਰੂ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ। ਇਰਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਜਹਾਜ਼ਾਂ ਕੋਲ ਲੋੜੀਂਦੀ ਮਨਜ਼ੂਰੀ ਨਹੀਂ ਸੀ ਅਤੇ ਉਨ੍ਹਾਂ ਨੇ ਨੇਵੀਗੇਸ਼ਨ ਸਿਸਟਮ ਨਾਲ ਛੇੜਛਾੜ ਕੀਤੀ, ਜਿਸ ਨਾਲ ਸਮੁੰਦਰੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋਇਆ। ਫੌਜ ਦੇ ਅਨੁਸਾਰ, ਸਮੁੰਦਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਹਰ ਕਾਰਵਾਈ ਨੂੰ ‘ਲਾਲ ਲਕੀਰ’ ਪਾਰ ਕਰਨਾ ਮੰਨਿਆ ਜਾਵੇਗਾ। ਫੌਜ ਨੇ ਇਹ ਵੀ ਕਿਹਾ ਕਿ ‘ਐੱਮ ਐੱਸ ਸੀ ਫ੍ਰਾਂਸਿਸਕਾ’ ਦੇ ਇਜ਼ਰਾਈਲ ਨਾਲ ਸੰਬੰਧ ਹਨ, ਜਦਕਿ ‘ਏਪਾਮਿਨੌਂਡਾਸ’ ’ਤੇ ਨੇਵੀਗੇਸ਼ਨ ਸਿਸਟਮ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ ਗਏ ਹਨ। ਇਰਾਨ ਨੇ ਸਪੱਸ਼ਟ ਕੀਤਾ ਹੈ ਕਿ ਹੋਰਮੁਜ਼ ਜਲਮਾਰਗ ਵਿੱਚ ਸੁਰੱਖਿਆ ਨੂੰ ਭੰਗ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਜਹਾਜ਼ਾਂ ਲਈ ਉਸ ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।
Leave a Reply