ਫ਼ੌਜ ਦੀ ਵਰਦੀ ਨੀਤੀ ਵਿੱਚ ਬਦਲਾਅ: 1 ਦਸੰਬਰ ਤੋਂ ਬ੍ਰਿਗੇਡੀਅਰ ਤੇ ਉੱਚ ਅਫ਼ਸਰ ਪਹਿਨ ਸਕਣਗੇ ਆਪਣੀ ਰੈਜੀਮੈਂਟ ਦੀ ਖ਼ਾਸ ਟੋਪੀ ਅਤੇ ਡੋਰੀ
- ਦੇਸ਼
- (Asia/Kolkata)
ਭਾਰਤੀ ਫ਼ੌਜ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਕੋ ਜਿਹੀ ਸਾਂਝੀ ਵਰਦੀ ਪਹਿਨਣ ਅਤੇ ਰੈਜੀਮੈਂਟਲ ਪਛਾਣ ਵਾਲੇ ਚਿੰਨ੍ਹ ਹਟਾਉਣ ਸਬੰਧੀ ਤਿੰਨ ਸਾਲ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਨੂੰ ਪਲਟ ਦਿੱਤਾ ਹੈ। ਇਸ ਨਵੇਂ ਫ਼ੈਸਲੇ ਨਾਲ ਫ਼ੌਜ ਦੇ ਉੱਚ ਅਧਿਕਾਰੀ ਹੁਣ ਮੁੜ ਆਪਣੀ ਮੂਲ ਰੈਜੀਮੈਂਟ ਦੇ ਰੰਗਾਂ ਅਤੇ ਚਿੰਨ੍ਹਾਂ ਵਾਲੀ ਵਰਦੀ ਸਜਾ ਸਕਣਗੇ। ਬੀਤੇ 13 ਨਵੰਬਰ ਨੂੰ ‘ਬ੍ਰਿਗੇਡੀਅਰ ਅਤੇ ਇਸ ਤੋਂ ਉੱਚ ਰੈਂਕ ਦੇ ਅਧਿਕਾਰੀਆਂ ਦੀ ਵਰਦੀ’ ਸਿਰਲੇਖ ਹੇਠ ਜਾਰੀ ਕੀਤੇ ਗਏ ਤਾਜ਼ਾ ਪੱਤਰ ਰਾਹੀਂ ਸਾਲ 2023 ਦੇ ਉਸ ਨਿਰਦੇਸ਼ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਤਹਿਤ ਬ੍ਰਿਗੇਡੀਅਰ, ਮੇਜਰ ਜਨਰਲ, ਲੈਫਟੀਨੈਂਟ ਜਨਰਲ ਅਤੇ ਫ਼ੌਜ ਮੁਖੀ ਨੂੰ ਆਪਣੀ ਬਰਾਂਚ ਜਾਂ ਰੈਜੀਮੈਂਟ ਨਾਲ ਸਬੰਧਤ ਖ਼ਾਸ ਚਿੰਨ੍ਹ ਲਗਾਉਣ ਤੋਂ ਰੋਕ ਦਿੱਤਾ ਗਿਆ ਸੀ। ਸਾਲ 2023 ਵਿੱਚ ਤਤਕਾਲੀ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਦੀ ਪ੍ਰਧਾਨਗੀ ਹੇਠ ਹੋਈ ਆਰਮੀ ਕਮਾਂਡਰਜ਼ ਕਾਨਫਰੰਸ ਦੌਰਾਨ ਸਾਂਝੀ ਵਰਦੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਨੂੰ ਅਗਸਤ 2023 ਤੋਂ ਲਾਗੂ ਕੀਤਾ ਗਿਆ ਸੀ। ਇਸ ਤਹਿਤ ਸੀਨੀਅਰ ਅਧਿਕਾਰੀਆਂ ਲਈ ਗੂੜ੍ਹੇ ਹਰੇ ਰੰਗ ਦੀ ਸਾਂਝੀ ਬੈਰੇਟ (ਟੋਪੀ), ਇਕੋ ਜਿਹੀ ਬੈਲਟ ਅਤੇ ਮੋਢੇ ’ਤੇ ਪਿੱਤਲ ਦੇ ਰੈਂਕ ਬੈਜ ਲਾਜ਼ਮੀ ਕਰ ਦਿੱਤੇ ਗਏ ਸਨ, ਜਦੋਂ ਕਿ ਮੋਢੇ ਦੀ ਡੋਰੀ (ਲੈਨਯਾਰਡ) ਨੂੰ ਖ਼ਤਮ ਕਰਕੇ ਕਾਲੇ ਬੂਟ ਜ਼ਰੂਰੀ ਕੀਤੇ ਗਏ ਸਨ। ਇਸ ਪਿੱਛੇ ਸਿਖਰਲੀ ਲੀਡਰਸ਼ਿਪ ਵਿੱਚ ਸਾਂਝੀ ਪਛਾਣ ਦਿਖਾਉਣ ਦਾ ਤਰਕ ਦਿੱਤਾ ਗਿਆ ਸੀ, ਜਿਸ ਕਾਰਨ ਜਰਨੈਲਾਂ ਦੀ ਵਰਦੀ ਦੇਖ ਕੇ ਇਹ ਪਛਾਣਨਾ ਮੁਸ਼ਕਲ ਹੋ ਗਿਆ ਸੀ ਕਿ ਉਹ ਇਨਫੈਂਟਰੀ, ਆਰਮਰਡ ਕੋਰ ਜਾਂ ਸਪੈਸ਼ਲ ਫੋਰਸਿਜ਼ ਵਿੱਚੋਂ ਕਿਸ ਨਾਲ ਸਬੰਧਤ ਹਨ। ਤਾਜ਼ਾ ਤਬਦੀਲੀਆਂ ਨਾਲ ਪੁਰਾਣੀ ਰਵਾਇਤ ਮੁੜ ਸੁਰਜੀਤ ਹੋ ਗਈ ਹੈ। ਹੁਣ ਗੋਰਖਾ ਰਾਈਫਲਜ਼ ਨਾਲ ਸਬੰਧਤ ਜਨਰਲ ਮੁੜ ਆਪਣੀ ਪਛਾਣ ਵਾਲੀਆਂ ਟੇਢੀਆਂ ਹੈਟਾਂ (ਟੋਪੀਆਂ) ਪਹਿਨ ਸਕਣਗੇ, ਸਪੈਸ਼ਲ ਫੋਰਸਿਜ਼ ਦੇ ਅਧਿਕਾਰੀ ‘ਮਰੂਨ’ (ਗੂੜ੍ਹੇ ਲਾਲ) ਰੰਗ ਦੀ ਬੈਰੇਟ ਅਤੇ ਆਰਮਰਡ ਰੈਜੀਮੈਂਟਾਂ ਦੇ ਸੀਨੀਅਰ ਅਫ਼ਸਰ ‘ਕਾਲੇ ਰੰਗ’ ਦੀ ਬੈਰੇਟ ਸਜਾ ਸਕਣਗੇ। ਫ਼ੌਜ ਦੇ ਪੱਤਰ ਅਨੁਸਾਰ ਵੱਖ-ਵੱਖ ਹਲਕਿਆਂ ਤੋਂ ਮਿਲੇ ਸੁਝਾਵਾਂ ਦੇ ਆਧਾਰ ’ਤੇ ਬ੍ਰਿਗੇਡੀਅਰ ਅਤੇ ਉਸ ਤੋਂ ਉੱਚ ਰੈਂਕ ਦੇ ਅਧਿਕਾਰੀਆਂ ਦੀ ਵਰਦੀ ਸਬੰਧੀ ਹਦਾਇਤਾਂ ਦੀ ਵਿਆਪਕ ਸਮੀਖਿਆ ਕਰਨ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਇਹ ਨਵੇਂ ਹੁਕਮ 1 ਦਸੰਬਰ ਤੋਂ ਲਾਗੂ ਹੋਣਗੇ, ਜਿਸ ਨਾਲ ‘ਆਰਮੀ ਯੂਨੀਫਾਰਮਜ਼ ਪੈਂਫਲੈਟ-2018’ ਮੁੜ ਅਮਲ ਵਿੱਚ ਆ ਜਾਵੇਗਾ। ਇਸ ਤਹਿਤ ਹਰੇਕ ਬਰਾਂਚ ਅਤੇ ਸੇਵਾ ਨਾਲ ਸਬੰਧਤ ਬੈਰੇਟ, ਲੈਨਯਾਰਡ, ਬੈਲਟ ਅਤੇ ਮੋਢੇ ਦੇ ਬੈਜ ਵਾਪਸ ਆ ਜਾਣਗੇ। ਸੂਤਰਾਂ ਅਨੁਸਾਰ ਗੋਰਖਾ ਰਾਈਫਲਜ਼, ਗੜ੍ਹਵਾਲ ਰਾਈਫਲਜ਼ ਅਤੇ ਰਾਜਪੂਤਾਨਾ ਰਾਈਫਲਜ਼ ਵਰਗੀਆਂ ਖ਼ਾਸ ਰੈਜੀਮੈਂਟਾਂ ਦੇ ਅਧਿਕਾਰੀ ਮੋਢਿਆਂ ’ਤੇ ਸੁਨਹਿਰੀ ਰੰਗ ਦੀ ਬਜਾਏ ਮੁੜ ਕਾਲੇ ਰੰਗ ਦੇ ਰੈਂਕ ਬੈਜ ਲਗਾਉਣਗੇ। ਜ਼ਿਕਰਯੋਗ ਹੈ ਕਿ 2023 ਦੇ ਹੁਕਮਾਂ ਵਿੱਚ ਕਰਨਲ ਅਤੇ ਉਸ ਤੋਂ ਹੇਠਲੇ ਰੈਂਕ ਦੇ ਅਧਿਕਾਰੀਆਂ ਦੀ ਵਰਦੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਇਹ ਅਹਿਮ ਫ਼ੈਸਲਾ ਆਰਮਰਡ ਕੋਰ ਨਾਲ ਸਬੰਧਤ ਜਨਰਲ ਧੀਰਜ ਸੇਠ ਵੱਲੋਂ 30 ਜੂਨ ਨੂੰ ਫ਼ੌਜ ਮੁਖੀ ਦਾ ਅਹੁਦਾ ਸੰਭਾਲਣ ਤੋਂ ਕੁਝ ਮਹੀਨਿਆਂ ਬਾਅਦ ਲਿਆ ਗਿਆ ਹੈ।
Leave a Reply