Daily Suraj

ਪੰਜਾਬੀ

ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਾਲੇ ਅੱਜ ਹੋਵੇਗੀ ਟੱਕਰ

23 May, 2026 11:05 AM

IPL 2026 ਵਿੱਚ ਸ਼ਨੀਵਾਰ ਨੂੰ ਪੰਜਾਬ ਕਿੰਗਜ਼ (PBKS) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਾਲੇ ਮਹੱਤਵਪੂਰਨ ਮੁਕਾਬਲਾ ਖੇਡਿਆ ਜਾਵੇਗਾ। ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਪੰਜਾਬ ਲਈ ਇਹ ਮੈਚ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਟੀਮ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਇਸ ਮੈਚ ਦੇ ਨਤੀਜੇ ‘ਤੇ ਨਿਰਭਰ ਕਰਦੀਆਂ ਹਨ। ਪੰਜਾਬ ਕਿੰਗਜ਼ ਨੇ ਸੀਜ਼ਨ ਦੇ ਪਹਿਲੇ ਅੱਧ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੱਤ ਵਿੱਚੋਂ ਛੇ ਮੈਚ ਜਿੱਤੇ ਸਨ, ਪਰ ਇਸ ਤੋਂ ਬਾਅਦ ਟੀਮ ਨੂੰ ਲਗਾਤਾਰ ਛੇ ਹਾਰਾਂ ਦਾ ਸਾਹਮਣਾ ਕਰਨਾ ਪਿਆ। ਹੁਣ ਜੇ ਪੰਜਾਬ ਪਲੇਆਫ ਦੀ ਦੌੜ ਵਿੱਚ ਬਣੇ ਰਹਿਣਾ ਚਾਹੁੰਦੀ ਹੈ ਤਾਂ ਉਸ ਲਈ ਇਸ ਮੈਚ ਵਿੱਚ ਜਿੱਤ ਦਰਜ ਕਰਨੀ ਲਾਜ਼ਮੀ ਹੋਵੇਗੀ। ਇਸਦੇ ਨਾਲ ਹੀ ਪੰਜਾਬ ਨੂੰ ਆਪਣੀ ਜਿੱਤ ਤੋਂ ਬਾਅਦ ਹੋਰ ਟੀਮਾਂ ਦੇ ਨਤੀਜਿਆਂ ‘ਤੇ ਵੀ ਨਿਰਭਰ ਰਹਿਣਾ ਪਵੇਗਾ। ਪੰਜਾਬ ਦੀਆਂ ਉਮੀਦਾਂ ਰਾਜਸਥਾਨ ਅਤੇ ਮੁੰਬਈ ਵਿਚਾਲੇ ਹੋਣ ਵਾਲੇ ਮੈਚ ਅਤੇ ਕੋਲਕਾਤਾ ਤੇ ਦਿੱਲੀ ਦੇ ਮੁਕਾਬਲੇ ਦੇ ਨਤੀਜਿਆਂ ਨਾਲ ਵੀ ਜੁੜੀਆਂ ਹੋਣਗੀਆਂ। ਲਖਨਊ ਅਤੇ ਪੰਜਾਬ ਵਿਚਾਲੇ IPL ਇਤਿਹਾਸ ਵਿੱਚ ਇਹ ਅੱਠਵਾਂ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਸੱਤ ਵਾਰ ਆਹਮੋ-ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਲਖਨਊ ਨੇ ਤਿੰਨ ਮੈਚ ਜਿੱਤੇ ਹਨ, ਜਦਕਿ ਪੰਜਾਬ ਨੇ ਚਾਰ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਇੱਕ ਮੈਚ ਬਰਾਬਰੀ ‘ਤੇ ਖਤਮ ਹੋਇਆ ਸੀ। ਇਸ ਸੀਜ਼ਨ ਵਿੱਚ ਦੋਵੇਂ ਟੀਮਾਂ ਦੂਜੀ ਵਾਰ ਇਕ-ਦੂਜੇ ਦੇ ਸਾਹਮਣੇ ਹੋਣਗੀਆਂ। ਪਹਿਲੇ ਮੁਕਾਬਲੇ ਵਿੱਚ ਪੰਜਾਬ ਨੇ ਆਪਣੇ ਘਰੇਲੂ ਮੈਦਾਨ ‘ਤੇ ਲਖਨਊ ਨੂੰ ਹਰਾਇਆ ਸੀ। ਹੁਣ ਲਖਨਊ ਆਪਣੀ ਧਰਤੀ ‘ਤੇ ਵਾਪਸੀ ਦੀ ਕੋਸ਼ਿਸ਼ ਕਰੇਗੀ, ਜਦਕਿ ਪੰਜਾਬ ਆਪਣੀਆਂ ਪਲੇਆਫ ਉਮੀਦਾਂ ਨੂੰ ਜਿੰਦਾ ਰੱਖਣ ਲਈ ਮੈਦਾਨ ਵਿੱਚ ਉਤਰੇਗੀ। ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ ਵੀ ਸਾਹਮਣੇ ਆ ਗਈ ਹੈ। ਲਖਨਊ ਵੱਲੋਂ ਮਿਸ਼ੇਲ ਮਾਰਸ਼, ਜੋਸ਼ ਇੰਗਲਿਸ, ਨਿਕੋਲਸ ਪੂਰਨ, ਆਯੁਸ਼ ਬਡੋਨੀ, ਰਿਸ਼ਭ ਪੰਤ, ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਮੋਹਸਿਨ ਖਾਨ, ਮਯੰਕ ਯਾਦਵ, ਆਕਾਸ਼ ਸਿੰਘ ਅਤੇ ਪ੍ਰਿੰਸ ਯਾਦਵ ਮੈਦਾਨ ਵਿੱਚ ਉਤਰ ਸਕਦੇ ਹਨ। ਟੀਮ ਦਾ ਇਮਪੈਕਟ ਖਿਡਾਰੀ ਦਿਗਵੇਸ਼ ਸਿੰਘ ਰਾਠੀ ਹੋ ਸਕਦਾ ਹੈ। ਉੱਥੇ ਹੀ ਪੰਜਾਬ ਕਿੰਗਜ਼ ਵੱਲੋਂ ਪ੍ਰਿਯਾਂਸ਼ ਆਰੀਆ, ਪ੍ਰਭਸਿਮਰਨ ਸਿੰਘ, ਕੂਪਰ ਕੌਨੋਲੀ, ਸ਼੍ਰੇਅਸ ਅਈਅਰ, ਸ਼ਸ਼ਾਂਕ ਸਿੰਘ, ਸੂਰਯਾਂਸ਼ ਸ਼ੈਡਗੇ, ਅਜ਼ਮਤੁੱਲਾ ਓਮਰਜ਼ਈ, ਹਰਪ੍ਰੀਤ ਬਰਾੜ, ਜ਼ੇਵੀਅਰ ਬਾਰਟਲੇਟ, ਲੋਕੀ ਫਰਗੂਸਨ ਅਤੇ ਅਰਸ਼ਦੀਪ ਸਿੰਘ ਦੇ ਖੇਡਣ ਦੀ ਸੰਭਾਵਨਾ ਹੈ। ਯੁਜਵੇਂਦਰ ਚਾਹਲ ਨੂੰ ਇਮਪੈਕਟ ਖਿਡਾਰੀ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ।

Posted By: Daily Suraj Bureau

Latest News