ਮੀਨਾਕਸ਼ੀ ਗੋਇਤ ਨੇ ਵਿਨੇਸ਼ ਫੋਗਾਟ ਨੂੰ 6-4 ਨਾਲ ਹਰਾਇਆ, ਏਸ਼ੀਅਨ ਗੇਮਜ਼ ਦਾ ਸੁਪਨਾ ਟੁੱਟਿਆ
ਵਿਨੇਸ਼ ਫੋਗਾਟ ਦਾ 2026 ਦੀਆਂ ਏਸ਼ੀਅਨ ਖੇਡਾਂ ਵਿੱਚ ਭਾਰਤੀ ਟੀਮ ਲਈ ਚੋਣ ਹੋਣ ਦਾ ਸੁਪਨਾ ਅਧੂਰਾ ਰਹਿ ਗਿਆ ਹੈ। ਸ਼ਨੀਵਾਰ ਨੂੰ ਹੋਏ ਏਸ਼ੀਅਨ ਗੇਮਜ਼ ਚੋਣ ਟਰਾਇਲ ਦੌਰਾਨ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਸੈਮੀਫਾਈਨਲ ਮੁਕਾਬਲੇ ਵਿੱਚ ਹਾਰ ਗਈ, ਜਿਸ ਨਾਲ ਉਨ੍ਹਾਂ ਦੀ ਟੀਮ ਵਿੱਚ ਜਗ੍ਹਾ ਬਣਾਉਣ ਦੀ ਉਮੀਦ ਖਤਮ ਹੋ ਗਈ। 53 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਵਿਨੇਸ਼ ਫੋਗਾਟ ਦਾ ਸਾਹਮਣਾ ਪਹਿਲਵਾਨ ਮੀਨਾਕਸ਼ੀ ਗੋਇਤ ਨਾਲ ਹੋਇਆ। ਦੋਵਾਂ ਵਿਚਾਲੇ ਹੋਏ ਰੋਮਾਂਚਕ ਮੁਕਾਬਲੇ ਵਿੱਚ ਮੀਨਾਕਸ਼ੀ ਗੋਇਤ ਨੇ 6-4 ਦੇ ਅੰਤਰ ਨਾਲ ਜਿੱਤ ਦਰਜ ਕਰਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਜਦਕਿ ਵਿਨੇਸ਼ ਨੂੰ ਟਰਾਇਲ ਤੋਂ ਬਾਹਰ ਹੋਣਾ ਪਿਆ। ਇਸ ਹਾਰ ਨਾਲ ਵਿਨੇਸ਼ ਫੋਗਾਟ ਦਾ ਏਸ਼ੀਅਨ ਗੇਮਜ਼ 2026 ਵਿੱਚ ਭਾਰਤੀ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਵੀ ਟੁੱਟ ਗਿਆ। ਉਹ ਚੋਣ ਪ੍ਰਕਿਰਿਆ ਵਿੱਚ ਅੱਗੇ ਵਧਣ ਵਿੱਚ ਅਸਫਲ ਰਹੀ ਅਤੇ ਟੀਮ ਵਿੱਚ ਸਥਾਨ ਹਾਸਲ ਨਹੀਂ ਕਰ ਸਕੀ। ਗੌਰਤਲਬ ਹੈ ਕਿ ਕੁਝ ਸਮਾਂ ਪਹਿਲਾਂ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (WFI) ਨੇ ਐਂਟੀ-ਡੋਪਿੰਗ ਨਿਯਮਾਂ ਦਾ ਹਵਾਲਾ ਦਿੰਦਿਆਂ ਵਿਨੇਸ਼ ਫੋਗਾਟ ‘ਤੇ 26 ਜੂਨ 2026 ਤੱਕ ਘਰੇਲੂ ਮੁਕਾਬਲਿਆਂ ਵਿੱਚ ਹਿੱਸਾ ਲੈਣ ‘ਤੇ ਪਾਬੰਦੀ ਲਗਾਈ ਸੀ। ਇਸ ਫੈਸਲੇ ਨੂੰ ਚੁਣੌਤੀ ਦਿੰਦਿਆਂ ਵਿਨੇਸ਼ ਫੋਗਾਟ ਨੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਡਿਵੀਜ਼ਨ ਬੈਂਚ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਇਸ ਤੋਂ ਬਾਅਦ WFI ਨੇ ਵਿਨੇਸ਼ ਨੂੰ ਟਰਾਇਲ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਵਿਨੇਸ਼ ਫੋਗਾਟ ਇੱਕ ਸ਼ਾਨਦਾਰ ਪਹਿਲਵਾਨ ਹਨ ਅਤੇ ਉਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਅਦਾਲਤ ਨੇ ਉਨ੍ਹਾਂ ਨੂੰ ਏਸ਼ੀਅਨ ਗੇਮਜ਼ 2026 ਦੇ ਚੋਣ ਟਰਾਇਲ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ ਅਦਾਲਤੀ ਰਾਹਤ ਤੋਂ ਬਾਅਦ ਵੀ ਉਹ ਟਰਾਇਲ ਵਿੱਚ ਜਿੱਤ ਦਰਜ ਕਰਕੇ ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ।
Posted By: Daily Suraj Bureau