ਲੁਧਿਆਣਾ ਦੇ ਈਸਾ ਨਗਰੀ ਚੌਂਕ 'ਚ ਖ਼ੌਫ਼ਨਾਕ ਹਾਦਸਾ: ਤੇਜ਼ ਰਫ਼ਤਾਰ ਕਾਰ ਨੇ ਸਬਜ਼ੀ ਵੇਚਣ ਵਾਲੇ ਨੂੰ ਦਰੜਿਆ, ਮੌਕੇ 'ਤੇ ਹੀ ਮੌਤ
- ਪੰਜਾਬ
- (Asia/Kolkata)
ਲੁਧਿਆਣਾ ਦੇ ਈਸਾ ਨਗਰੀ ਚੌਂਕ ਵਿੱਚ ਵੀਰਵਾਰ ਸਵੇਰੇ ਇੱਕ ਦਰਦਨਾਕ ਅਤੇ ਖ਼ੌਫ਼ਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਨੇ ਪਿੱਛੇ ਤੋਂ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਸਬਜ਼ੀ ਵੇਚਣ ਵਾਲੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਦੀ ਲਪੇਟ ਵਿੱਚ ਆਉਣ ਨਾਲ ਦੋ ਹੋਰ ਰਾਹਗੀਰ ਵੀ ਜ਼ਖ਼ਮੀ ਹੋ ਗਏ। ਬੇਕਾਬੂ ਕਾਰ ਨੇ ਸਬਜ਼ੀ ਵਿਕਰੇਤਾ ਸਮੇਤ ਕੁੱਲ ਪੰਜ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਅਤੇ ਕਾਰ ਚਾਲਕ ਵਾਹਨ ਰੋਕਣ ਦੀ ਥਾਂ ਮੋਟਰਸਾਈਕਲ ਸਵਾਰ ਨੂੰ ਕਾਫ਼ੀ ਦੂਰ ਤੱਕ ਧੂਹ ਕੇ ਲੈ ਗਿਆ। ਮ੍ਰਿਤਕ ਦੀ ਪਛਾਣ ਸਸਰਾਲੀ ਕਾਲੋਨੀ ਦੇ ਰਹਿਣ ਵਾਲੇ ਜਗਤਾਰ ਸਿੰਘ ਗੋਸ਼ਾ ਵਜੋਂ ਹੋਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਸੜਕ 'ਤੇ ਡਿੱਗ ਪਿਆ, ਜਿਸ ਤੋਂ ਬਾਅਦ ਤੇਜ਼ ਰਫ਼ਤਾਰ ਕਾਰ ਉਸ ਦੇ ਉੱਪਰੋਂ ਲੰਘ ਗਈ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਕਾਰਨ ਉਸ ਦੀ ਮੌਕੇ 'ਤੇ ਹੀ ਜਾਨ ਚਲੀ ਗਈ। ਇਹ ਸਾਰੀ ਸਨਸਨੀਖੇਜ਼ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਜਗਤਾਰ ਸਿੰਘ ਗੋਸ਼ਾ ਅਕਸਰ ਸ਼ਹਿਰ ਦੇ ਬਾਹਰਵਾਰ ਪਿੰਡਾਂ ਤੋਂ ਸਬਜ਼ੀਆਂ, ਖਾਸ ਕਰਕੇ 'ਸਾਗ' ਲਿਆ ਕੇ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਵੇਚਣ ਦਾ ਕੰਮ ਕਰਦਾ ਸੀ। ਹਾਦਸੇ ਦੇ ਸਮੇਂ ਵੀ ਉਹ ਆਪਣੇ ਮੋਟਰਸਾਈਕਲ 'ਤੇ ਕਿਦਵਈ ਨਗਰ, ਇਸਲਾਮ ਗੰਜ ਅਤੇ ਈਸਾ ਨਗਰੀ ਇਲਾਕਿਆਂ ਵਿੱਚ ਸਬਜ਼ੀ ਵੇਚਣ ਲਈ ਜਾ ਰਿਹਾ ਸੀ। ਜਿਵੇਂ ਹੀ ਉਹ ਈਸਾ ਨਗਰੀ ਚੌਂਕ ਲਾਗੇ ਪਹੁੰਚਿਆ, ਤਾਂ ਪਿੱਛੋਂ ਆ ਰਹੀ ਇੱਕ ਬੇਕਾਬੂ ਅਤੇ ਤੇਜ਼ ਰਫ਼ਤਾਰ ਵਰਨਾ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸੜਕ 'ਤੇ ਡਿੱਗ ਕੇ ਕਾਰ ਹੇਠਾਂ ਕੁਚਲਿਆ ਗਿਆ। ਘਟਨਾ ਤੋਂ ਤੁਰੰਤ ਬਾਅਦ ਇਲਾਕਾ ਨਿਵਾਸੀ ਰਮੇਸ਼ ਬੰਗੜ ਨੇ ਪੁਲੀਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲੀਸ ਨੇ ਘਟਨਾ ਦੇ ਸਬੰਧ ਵਿੱਚ ਕਾਨੂੰਨੀ ਕਾਰਵਾਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਹਾਦਸੇ ਦੇ ਪੂਰੇ ਘਟਨਾਕ੍ਰਮ ਨੂੰ ਸਮਝਣ ਅਤੇ ਹਾਦਸੇ ਵਿੱਚ ਸ਼ਾਮਲ ਕਾਰ ਤੇ ਚਾਲਕ ਦੀ ਸ਼ਨਾਖਤ ਕਰਨ ਦੀ ਪ੍ਰਕਿਰਿਆ ਜਾਰੀ ਹੈ।
Leave a Reply