ਕੌਮੀ ਗਣਿਤ ਦਿਵਸ ਮੌਕੇ ਬੱਚਿਆਂ ਨੇ ਗਣਿਤ ਦੀਆਂ ਔਕੜਾਂ ਨੂੰ ਹੱਲ ਕਰਨ ਦੇ ਗੁਰ ਸਿੱਖੇ
- ਪੰਜਾਬ
- (Asia/Kolkata)
ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਤੇ ਪੰਜਾਬ ਸਟੇਟ ਕੌਂਸਲ ਫ਼ਾਰ ਵਿਗਿਆਨ ਤੇ ਤਕਨਾਲੌਜੀ ਵੱਲੋਂ ਕੌਮੀ ਗਣਿਤ ਦਿਵਸ ਦੇ ਮੌਕੇ ਭਾਰਤ ਦੇ ਮਹਾਨ ਗਣਿਤ ਸਾਸ਼ਤਰੀ ਸ੍ਰੀਨਵਾਸ ਰਾਮਾਨੁਜਨ ਦੀ ਯਾਦ ’ਚ ਗਣਿਤ ਦੀਆਂ ਗਤੀਵਿਧੀਆਂ ਦਾ ਸੈਸ਼ਨ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਵਿਦਿਆਰਥੀਆਂ ਦੀ ਗਣਿਤ ਦੇ ਵਿਸ਼ੇ ’ਚ ਉਤਸਕਤਾ ਤੇ ਦਿਲਚਸਪੀ ਪੈਦਾ ਕਰਨਾ ਸੀ ਤਾਂ ਜੋ ਉਹ ਗਣਿਤ ਦੇ ਖੇਤਰ ’ਚ ਆਪਣਾ ਕੈਰੀਅਰ ਬਣਾਉਣ। ਗਣਿਤ ਦਿਵਸ ਮਨਾਉਣ ਦਾ ਇਸ ਵਾਰ ਸਿਰਲੇਖ ‘ਨੀਵਨਤਾ ਤੇ ਵਿਕਾਸ ਦਾ ਪੁਲ਼ ਗਣਿਤ ਸੀ। ਇਸ ਮੌਕੇਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਗਣਿਤ ਜ਼ਿੰਦਗੀ ਦੇ ਹਰ ਪਹਿਲੂ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਦੇਖਿਆ ਗਿਆ ਹੈ ਕਿ ਕਿਤਾਬਾਂ ਰਾਹੀਂ ਗਣਿਤ ਨੂੰ ਸਮਝਣ ਤੇ ਸਿੱਖਣ ’ਚ ਆਉਂਦੀਆਂ ਮੁਸ਼ਕਲਾਂ ਦੇ ਕਾਰਨ ਵਿਦਿਆਰਥੀਆਂ ਨੂੰ ਗਣਿਤ ਦਾ ਫ਼ੋਬੀਆਂ ਵੀ ਹੋ ਜਾਂਦਾ ਹੈ ਅਤੇ ਉਹ ਗਣਿਤ ਤੋਂ ਡਰਨ ਲੱਗਦੇ ਹਨ।। ਇਸ ਲਈ ਵਿਦਿਆਰਥੀਆਂ ਨੂੰ ਗਣਿਤ ਦੀਆਂ ਮੁਸ਼ਕਲਾਂ ਨੂੰ ਗੈਰ-ਰਸਮੀ ਸਿੱਖਿਆ ਰਾਹੀਂ ਸਮਝਾਉਣ ਸਮੇਂ ਦੀ ਅਹਿਮ ਲੋੜ ਹੈ। ਸਾਇੰਸ ਸਿਟੀ ਵਿਖੇ ਹੱਥੀਂ ਚਲਾਉਣ ਵਾਲੀਆਂ ਪ੍ਰਦਰਸ਼ਨੀਆਂ ਵਾਲੀ ਗਣਿਤ ਵਿਗਿਆਨ ਦੀ ਗੈਲਰੀ ਸਥਾਪਿਤ ਕਰਕੇ ਇਸ ਪਾਸੇ ਵੱਲ ਪਹਿਲਕਦਮੀ ਕੀਤੀ ਗਈ ਹੈ। ਗਣਿਤ ਦੇ ਵੱਖ-ਵੱਖ ਸਿਧਾਂਤਾ ’ਤੇ ਆਧਾਰਿਤ ਇਹ ਪ੍ਰਦਰਸ਼ਨੀਆਂ ਵਿਦਿਆਰਥੀਆਂ ਨੂੰ ਗਣਿਤ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਅਨੋਖਾ ਅਨੁਭਵ ਦਿੰਦੀਆਂ ਹਨ ਤੇ ਇਹ ਗੈਲਰੀ ਵਿਦਿਆਰਥੀਆਂ ਦੀ ਵਿਸ਼ੇ ’ਤੇ ਪਕੜ ਮਜ਼ਬੂਤ ਕਰਨ ’ਚ ਮਦਦਗਾਰ ਸਾਬਤ ਹੋ ਰਹੀ ਹੈ । ਸਟੇਟ ਐਵਾਰਡੀ ਗਣਿਤ ਮਾਹਿਰ ਰੁਮਾਨੀ ਅਹੂਜਾ ਮੁੱਖ ਵਕਤਾ ਵਜੋਂ ਹਾਜ਼ਰ ਹੋਈ। ਉਨ੍ਹਾਂ ਗਣਿਤ ਦੇ ਮਾਡਲਾਂ, ਕਿੱਟਾਂ ਤੇ ਖੇਡਾਂ ਰਾਹੀਂ ਗਣਿਤ ਦੇ ਸਿਧਾਂਤਾਂ ਨੂੰ ਆਸਾਨ ਕਰ ਕੇ ਸਮਝਾਇਆ ਗਿਆ। ਉਨ੍ਹਾਂ ਕਿਹਾ ਕਿ ਮੁੱਢਲੇ ਪੱਧਰ ਮਜ਼ਬੂਤ ਪਕੜ ਨਾਲ ਉਨਤ ਪੱਧਰ ਦੇ ਸਿਧਾਂਤਾਂ ਨੂੰ ਬੜੀ ਅਸਾਨੀ ਤੇ ਪ੍ਰਭਾਵਸ਼ਲੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਬੜੀ ਦਿਲਚਸਪੀ ਨਾਲ ਗਣਿਤ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਢੰਗ ਤਰੀਕੇ ਸਿੱਖੇ।
Leave a Reply