ਰੈਪਰ ਬਾਦਸ਼ਾਹ ਦੇ ਨਵੇਂ ਗੀਤ ’ਤੇ ਵਿਵਾਦ, ਪੰਚਕੂਲਾ ’ਚ ਮਾਮਲਾ ਦਰਜ

ਰੈਪਰ ਬਾਦਸ਼ਾਹ ਦੇ ਨਵੇਂ ਗੀਤ ’ਤੇ ਵਿਵਾਦ, ਪੰਚਕੂਲਾ ’ਚ ਮਾਮਲਾ ਦਰਜ

ਰੈਪਰ-ਸਿੰਗਰ ਬਾਦਸ਼ਾਹ ਆਪਣੇ ਨਵੇਂ ਗੀਤ ਕਾਰਨ ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਬਾਦਸ਼ਾਹ ਦੇ ਨਵੇਂ ਹਰਿਆਣਵੀ ਗੀਤ ‘ਟਟੀਰੀ’ ਨੂੰ ਲੈ ਕੇ ਪੰਚਕੂਲਾ ਦੇ ਸੈਕਟਰ-20 ਸਥਿਤ ਸਾਈਬਰ ਕ੍ਰਾਈਮ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਅਜੇ ਇਹ ਮਾਮਲਾ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਹੋਇਆ ਹੈ। ਰੈਪ ਦੀਆਂ ਲਾਈਨਾਂ ਅਤੇ ਲੜਕੀਆਂ ਨੂੰ ਸਕੂਲ ਦੀ ਵਰਦੀ ਵਿੱਚ ਬੈਗ ਸੁੱਟਦੇ ਦਿਖਾਉਣ ਦਾ ਵਿਰੋਧ ਹੋ ਰਿਹਾ ਹੈ। ਦੂਜੇ ਪਾਸੇ, ਪਾਣੀਪਤ ਦੀ ‘ਨਾਰੀ ਤੂੰ ਨਾਰਾਇਣੀ’ ਸੰਸਥਾ ਦੀ ਪ੍ਰਧਾਨ ਸਵਿਤਾ ਆਰੀਆ ਅਤੇ ‘ਸ਼ਿਵ ਆਰਤੀ ਫਾਊਂਡੇਸ਼ਨ’ ਦੇ ਮੁਖੀ ਸ਼ਿਵ ਕੁਮਾਰ ਦੀ ਸ਼ਿਕਾਇਤ ‘ਤੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਬਾਦਸ਼ਾਹ ਨੂੰ ਸੰਮਨ ਜਾਰੀ ਕੀਤਾ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਗਾਣੇ ਵਿੱਚ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਰੈਪਰ ਬਾਦਸ਼ਾਹ ਨੂੰ ਆਪਣਾ ਪੱਖ ਰੱਖਣ ਲਈ 13 ਮਾਰਚ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਗੀਤ 1 ਮਾਰਚ ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਵਿੱਚ ਕੈਥਲ ਦੀ ਰਹਿਣ ਵਾਲੀ ਬਾਕਸਰ ਸਿਮਰਨ ਜਾਗਲਾਨ ਦੀ ਆਵਾਜ਼ ਵੀ ਹੈ। ‘ਟਟੀਰੀ’ ਗੀਤ ਨੂੰ ਹੁਣ ਤੱਕ ਯੂਟਿਊਬ ‘ਤੇ 4 ਮਿਲੀਅਨ ਤੋਂ ਵੱਧ ਲੋਕ ਸੁਣ ਚੁੱਕੇ ਹਨ।