ਡੀਆਰਡੀਓ ਦਾ ਵੱਡਾ ਐਲਾਨ: ਹਾਈਪਰਸੋਨਿਕ ਗਲਾਈਡ ਤੇ ਕਰੂਜ਼ ਮਿਜ਼ਾਈਲਾਂ ‘ਤੇ ਤੇਜ਼ੀ ਨਾਲ ਕੰਮ
- ਦੇਸ਼
- (Asia/Kolkata)
ਬਦਲ ਰਹੀਆਂ ਜੰਗੀ ਰਣਨੀਤੀਆਂ ਦੇ ਮੱਦੇਨਜ਼ਰ ਭਾਰਤ ਨੇ ਅਤਿ-ਆਧੁਨਿਕ ਹਾਈਪਰਸੋਨਿਕ ਮਿਜ਼ਾਈਲ ਤਕਨਾਲੋਜੀ ਦੇ ਵਿਕਾਸ ‘ਤੇ ਕੰਮ ਤੇਜ਼ ਕਰ ਦਿੱਤਾ ਹੈ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਦੇ ਮੁਖੀ ਸਮੀਰ ਵੀ. ਕਾਮਤ ਨੇ ਇੱਕ ਸਮਾਗਮ ਦੌਰਾਨ ਦੱਸਿਆ ਕਿ ਦੇਸ਼ ਜਲਦੀ ਹੀ ਹਾਈਪਰਸੋਨਿਕ ਗਲਾਈਡ ਮਿਜ਼ਾਈਲ ਅਤੇ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮਿਜ਼ਾਈਲਾਂ ਦੀ ਰਫ਼ਤਾਰ ਮੌਜੂਦਾ ਸੁਪਰਸੋਨਿਕ ਬ੍ਰਹਮੋਸ ਮਿਜ਼ਾਈਲ ਨਾਲੋਂ ਲਗਭਗ ਦੁੱਗਣੀ ਹੋਵੇਗੀ। ਉਨ੍ਹਾਂ ਦੇ ਵਿਲੱਖਣ ਗੁਣਾਂ ਕਾਰਨ ਦੁਨੀਆ ਦੀ ਕੋਈ ਵੀ ਰੱਖਿਆ ਪ੍ਰਣਾਲੀ ਇਨ੍ਹਾਂ ਨੂੰ ਰੋਕਣ ਵਿੱਚ ਸਮਰੱਥ ਨਹੀਂ ਹੋਵੇਗੀ। ਡੀਆਰਡੀਓ ਮੁਖੀ ਮੁਤਾਬਕ ਹਾਈਪਰਸੋਨਿਕ ਗਲਾਈਡ ਮਿਜ਼ਾਈਲ ਦਾ ਪਹਿਲਾ ਟੈਸਟ ਜਲਦੀ ਕੀਤਾ ਜਾ ਸਕਦਾ ਹੈ। ਹਾਈਪਰਸੋਨਿਕ ਕਰੂਜ਼ ਮਿਜ਼ਾਈਲ, ਜੋ ਸਕ੍ਰੈਮਜੈੱਟ ਇੰਜਣ ‘ਤੇ ਅਧਾਰਿਤ ਹੈ, ਵਿੱਚ ਵੀ ਮਹੱਤਵਪੂਰਨ ਤਰੱਕੀ ਦਰਜ ਕੀਤੀ ਗਈ ਹੈ। ਹਾਲ ਹੀ ਵਿੱਚ ਸਕ੍ਰੈਮਜੈੱਟ ਪ੍ਰੋਪਲਸ਼ਨ ਸਿਸਟਮ ਦਾ ਸਫਲ ਟੈਸਟ 1,000 ਸਕਿੰਟਾਂ ਤੋਂ ਵੱਧ ਸਮੇਂ ਤੱਕ ਚੱਲਿਆ। ਯੋਜਨਾ ਇਹ ਹੈ ਕਿ ਸਰਕਾਰੀ ਮਨਜ਼ੂਰੀ ਮਿਲਣ ਤੋਂ ਪੰਜ ਸਾਲਾਂ ਅੰਦਰ ਇਸ ਮਿਜ਼ਾਈਲ ਪ੍ਰਣਾਲੀ ਨੂੰ ਫੌਜੀ ਬੇੜੇ ਵਿੱਚ ਸ਼ਾਮਲ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਭਾਰਤ ਇੱਕ ਨਵੀਂ ਐਂਟੀ-ਸ਼ਿਪ ਮਿਜ਼ਾਈਲ ਵੀ ਤਿਆਰ ਕਰ ਰਿਹਾ ਹੈ, ਜਿਸ ਦੀ ਰਫ਼ਤਾਰ ਬ੍ਰਹਮੋਸ ਨਾਲੋਂ ਵੀ ਵੱਧ ਹੋਵੇਗੀ। ਇਸ ਮਿਜ਼ਾਈਲ ਦੇ ਤੀਜੇ ਪੜਾਅ ਦਾ ਟੈਸਟ ਇਸੇ ਮਹੀਨੇ ਹੋਣ ਦੀ ਸੰਭਾਵਨਾ ਹੈ। ਡੀਆਰਡੀਓ ਮੁਖੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਟੀਮ ਅਗਨੀ-6 ਮਿਜ਼ਾਈਲ ਪ੍ਰੋਗਰਾਮ ਲਈ ਤਕਨੀਕੀ ਤੌਰ ‘ਤੇ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰੀ ਝੰਡੀ ਮਿਲਦੇ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਅਗਨੀ-6 ਨੂੰ ਅਗਨੀ ਲੜੀ ਦੀ ਸਭ ਤੋਂ ਅਧੁਨਿਕ ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਮੰਨਿਆ ਜਾ ਰਿਹਾ ਹੈ, ਜਿਸ ਦੀ ਮਾਰਕ ਸਮਰੱਥਾ ਲਗਭਗ 10,000 ਤੋਂ 12,000 ਕਿਲੋਮੀਟਰ ਹੋ ਸਕਦੀ ਹੈ। ਇਹ ਮਿਜ਼ਾਈਲ ਇੱਕੋ ਸਮੇਂ ਕਈ ਪ੍ਰਮਾਣੂ ਹਥਿਆਰ ਲਿਜਾਣ ਦੇ ਯੋਗ ਹੋਵੇਗੀ ਅਤੇ ਇਕੱਠੇ ਕਈ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਰੱਖੇਗੀ, ਜਿਸ ਨਾਲ ਭਾਰਤ ਦੀ ਰਣਨੀਤਿਕ ਤਾਕਤ ਵਿੱਚ ਵੱਡਾ ਵਾਧਾ ਹੋਵੇਗਾ।
Leave a Reply