ਪੀਐਮ ਮੋਦੀ ਨੂੰ ਉਜ਼ਬੇਕਿਸਤਾਨ ਦਾ ਸਰਵਉੱਚ ਸਨਮਾਨ, ‘ਓਲੀ ਦਾਰਾਜਲੀ ਦੋਸਲਿਕ’ ਐਵਾਰਡ ਨਾਲ ਕੀਤਾ ਸਨਮਾਨਿਤ
- ਦੇਸ਼
- (Asia/Kolkata)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਜ਼ਬੇਕਿਸਤਾਨ ਦੇ ਸਰਵਉੱਚ ਰਾਜ ਸਨਮਾਨ ‘ਓਲੀ ਦਾਰਾਜਲੀ ਦੋਸਲਿਕ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ੀਯੋਯੇਵ ਨੇ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਪ੍ਰਦਾਨ ਕੀਤਾ। ਉਜ਼ਬੇਕਿਸਤਾਨ ਦੇ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਮੋਦੀ ਨੂੰ ਐਤਵਾਰ ਨੂੰ ਦਿੱਤਾ ਗਿਆ ਇਹ ਸਨਮਾਨ ਉਜ਼ਬੇਕ ਭਾਸ਼ਾ ਵਿੱਚ ‘ਉੱਚ ਪੱਧਰੀ ਮਿੱਤਰਤਾ’ ਦਾ ਅਰਥ ਰੱਖਦਾ ਹੈ। ਇਹ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਵਾਲਾ 36ਵਾਂ ਅੰਤਰਰਾਸ਼ਟਰੀ ਸਨਮਾਨ ਦੱਸਿਆ ਗਿਆ ਹੈ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ‘ਓਲੀ ਦਾਰਾਜਲੀ ਦੋਸਲਿਕ’ ਆਰਡਰ ਮਿਲਣ ’ਤੇ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਨਮਾਨ ਨੂੰ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਮਜ਼ਬੂਤ ਅਤੇ ਅਟੁੱਟ ਸਬੰਧਾਂ ਨੂੰ ਸਮਰਪਿਤ ਕਰਦੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਤਾਸ਼ਕੰਦ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸ਼ੌਕਤ ਮਿਰਜ਼ੀਯੋਯੇਵ ਵਿਚਕਾਰ ਦੁਵੱਲੀ ਬੈਠਕ ਹੋਈ। ਮੀਟਿੰਗ ਦੌਰਾਨ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਯੂਰੇਨੀਅਮ ਦੀ ਸਪਲਾਈ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਦੋਵਾਂ ਪੱਖਾਂ ਵੱਲੋਂ ਇਸ ਮਾਮਲੇ ਵਿੱਚ ਮਜ਼ਬੂਤ ਸੰਕੇਤ ਸਾਹਮਣੇ ਆਏ ਹਨ। ਦੋਵਾਂ ਆਗੂਆਂ ਨੇ ਦੁਵੱਲੇ ਆਰਥਿਕ ਸਹਿਯੋਗ, ਤਕਨਾਲੋਜੀ, ਊਰਜਾ ਅਤੇ ਵਪਾਰ ਸਮੇਤ ਕਈ ਅਹਿਮ ਖੇਤਰਾਂ ’ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਮੀਟਿੰਗ ਦੌਰਾਨ ਭਾਰਤ-ਉਜ਼ਬੇਕਿਸਤਾਨ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦਾ ਦਰਜਾ ਦੇਣ ਦੀ ਦਿਸ਼ਾ ਵਿੱਚ ਅੱਗੇ ਵਧਣ ਦਾ ਐਲਾਨ ਵੀ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ਨੂੰ ਦਿਸ਼ਾ ਦੇਣ ਲਈ ਵਿਦੇਸ਼ ਮੰਤਰੀ ਪੱਧਰ ’ਤੇ ਇੱਕ ਕੋਆਰਡੀਨੇਸ਼ਨ ਕੌਂਸਲ ਬਣਾਈ ਜਾਵੇਗੀ। ਇਸ ਤੋਂ ਇਲਾਵਾ ਸੰਯੁਕਤ ਕਮਿਸ਼ਨ ਨੂੰ ਸਕੱਤਰ ਪੱਧਰ ਤੋਂ ਵਧਾ ਕੇ ਮੰਤਰੀ ਪੱਧਰ ਤੱਕ ਲਿਜਾਣ ਦੀ ਗੱਲ ਵੀ ਕਹੀ ਗਈ। ਉਨ੍ਹਾਂ ਦੱਸਿਆ ਕਿ ਭਾਰਤ ਅਤੇ ਉਜ਼ਬੇਕਿਸਤਾਨ ਵੱਲੋਂ ਸਾਂਝੇ ਤੌਰ ’ਤੇ ਇੱਕ ਬਿਜ਼ਨਸ ਸੰਮੇਲਨ ਕਰਵਾਇਆ ਜਾਵੇਗਾ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਵਪਾਰਕ ਆਗੂ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨੇ ਯੂਰੇਨੀਅਮ ਦੀ ਸਪਲਾਈ ਲਈ ਲੰਬੇ ਸਮੇਂ ਦੀ ਵਿਵਸਥਾ ਬਣਾਉਣ ਦੀ ਗੱਲ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਤਿੰਨ ਸਿਸਟਰ-ਸਿਟੀ ਅਤੇ ਸਿਸਟਰ-ਸਟੇਟ ਵਿਵਸਥਾਵਾਂ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਵਸਥਾਵਾਂ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਵਰਤਣ ਲਈ ਇੱਕ ਰੋਡਮੈਪ ਤਿਆਰ ਕੀਤਾ ਜਾਣਾ ਚਾਹੀਦਾ ਹੈ। ਤਕਨਾਲੋਜੀ ਅਤੇ ਸ਼ਹਿਰੀ ਵਿਕਾਸ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਉਜ਼ਬੇਕਿਸਤਾਨ ਦੇ ‘ਨਿਊ ਤਾਸ਼ਕੰਦ’ ਮੇਗਾ-ਪ੍ਰੋਜੈਕਟ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਗੁਜਰਾਤ ਵਿੱਚ GIFT ਸਿਟੀ ਵਿਕਸਤ ਕੀਤੀ ਗਈ ਹੈ ਅਤੇ ਉਜ਼ਬੇਕਿਸਤਾਨ ਤੋਂ ਇੱਕ ਵਫ਼ਦ ਨੂੰ ਭਾਰਤ ਸੱਦਣ ਵਿੱਚ ਖੁਸ਼ੀ ਹੋਵੇਗੀ, ਤਾਂ ਜੋ ਉਹ ਤਕਨਾਲੋਜੀ ਦੀ ਵਰਤੋਂ ਦਾ ਅਧਿਐਨ ਕਰ ਸਕੇ। ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ੀਯੋਯੇਵ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਰਤ ਸਾਰੇ ਖੇਤਰਾਂ ਵਿੱਚ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਕਰੀਬੀ ਦੋਸਤ ਹੋਣ ਦੇ ਨਾਤੇ ਉਜ਼ਬੇਕਿਸਤਾਨ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਨੂੰ ਦੇਖ ਕੇ ਬਹੁਤ ਖੁਸ਼ ਹੈ।
Leave a Reply