ਕੇਂਦਰ ਸਰਕਾਰ ਨੇ ਆੜ੍ਹਤੀਆਂ ਦੇ ਕਮਿਸ਼ਨ 'ਚ ਵਾਧਾ ਕਰਕੇ ਵੱਡੀ ਰਾਹਤ ਦਿੱਤੀ -ਸਰਜੀਵਨ ਜਿੰਦਲ

ਕੇਂਦਰ ਸਰਕਾਰ ਨੇ ਆੜ੍ਹਤੀਆਂ ਦੇ ਕਮਿਸ਼ਨ 'ਚ ਵਾਧਾ ਕਰਕੇ ਵੱਡੀ ਰਾਹਤ ਦਿੱਤੀ -ਸਰਜੀਵਨ ਜਿੰਦਲ

(ਜਗਸੀਰ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸਰਜੀਵਨ ਜਿੰਦਲ ਨੇ ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆੜ੍ਹਤੀਆਂ ਦੇ ਕਮਿਸ਼ਨ ਵਿੱਚ ਕੀਤੇ ਵਾਧੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਾੜੀ ਅਤੇ ਸੌਣੀ ਦੀਆਂ ਫ਼ਸਲਾਂ ਦੇ ਕਮਿਸ਼ਨ ਵਿੱਚ ਵਾਧਾ ਕਰਕੇ ਆੜ੍ਹਤੀ ਭਾਈਚਾਰੇ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਮੰਡੀਕਰਨ ਦੇ ਕੰਮ ਵਿੱਚ ਲੱਗੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਸ੍ਰੀ ਜਿੰਦਲ ਨੇ ਦੱਸਿਆ ਕਿ ਸੋਮਵਾਰ ਨੂੰ ਜਾਰੀ ਹੋਏ ਨਵੇਂ ਨਿਯਮਾਂ ਅਨੁਸਾਰ, ਪੰਜਾਬ ਅਤੇ ਹਰਿਆਣਾ ਵਿੱਚ ਕਣਕ ਦੀ ਖ਼ਰੀਦ 'ਤੇ ਆੜ੍ਹਤੀਆਂ ਦਾ ਕਮਿਸ਼ਨ 46.00 ਰੁਪਏ ਤੋਂ ਵਧਾ ਕੇ 50.75 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਝੋਨੇ ਦੀ ਖ਼ਰੀਦ 'ਤੇ ਕਮਿਸ਼ਨ ਦੀ ਦਰ 45.88 ਰੁਪਏ ਤੋਂ ਵਧਾ ਕੇ 50.61 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ। ਇਹ ਨਵੀਆਂ ਦਰਾਂ ਆਉਣ ਵਾਲੇ ਹਾੜੀ ਮਾਰਕੀਟਿੰਗ ਸੀਜ਼ਨ 2026-27 ਤੋਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣਗੀਆਂ। ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਆੜ੍ਹਤੀਆਂ ਦੇ ਨਾਲ-ਨਾਲ ਸਹਿਕਾਰੀ ਸਭਾਵਾਂ ਦੇ ਕਮਿਸ਼ਨ ਵਿੱਚ ਵੀ ਵਾਧਾ ਕੀਤਾ ਗਿਆ ਹੈ। ਕਣਕ ਦੀ ਖ਼ਰੀਦ ਲਈ ਸਹਿਕਾਰੀ ਸਭਾਵਾਂ ਦਾ ਕਮਿਸ਼ਨ 27.00 ਰੁਪਏ ਤੋਂ ਵਧਾ ਕੇ 29.79 ਰੁਪਏ ਅਤੇ ਝੋਨੇ ਲਈ 32.00 ਰੁਪਏ ਤੋਂ ਵਧਾ ਕੇ 35.30 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਸਰਜੀਵਨ ਜਿੰਦਲ ਨੇ ਕਿਹਾ ਕਿ ਇਹ ਫੈਸਲਾ ਵੱਖ-ਵੱਖ ਰਾਜਾਂ ਦੀਆਂ ਮੰਗਾਂ ਅਤੇ ਐਫ.ਸੀ.ਆਈ. ਤੇ ਖ਼ੁਰਾਕ ਵਿਭਾਗ ਦੇ ਨੁਮਾਇੰਦਿਆਂ ਵਾਲੀ ਉਪ-ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਲਿਆ ਗਿਆ ਹੈ। ਸਰਜੀਵਨ ਜਿੰਦਲ ਨੇ ਕਿਹਾ ਕਿ ਇਸ ਸੋਧ ਦਾ ਮੁੱਖ ਉਦੇਸ਼ ਸਰਕਾਰੀ ਖ਼ਰੀਦ ਪ੍ਰਣਾਲੀ ਨੂੰ ਹੋਰ ਵਧੇਰੇ ਕੁਸ਼ਲ ਬਣਾਉਣਾ ਅਤੇ ਖ਼ਰੀਦ ਕਾਰਜਾਂ ਵਿੱਚ ਸਹਿਯੋਗ ਦੇਣ ਵਾਲੀਆਂ ਏਜੰਸੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਧੁਨਿਕ ਸਾਈਲੋਜ਼ ਵਿੱਚ ਹੋਣ ਵਾਲੀ ਖ਼ਰੀਦ 'ਤੇ ਮੰਡੀਆਂ ਦੀ ਨਿਰਧਾਰਤ ਦਰ ਦਾ 50 ਫੀਸਦੀ ਕਮਿਸ਼ਨ ਲਾਗੂ ਹੋਵੇਗਾ। ਉਨ੍ਹਾਂ ਅੰਤ ਵਿੱਚ ਕਿਹਾ ਕਿ ਹਾੜੀ ਦੀਆਂ ਫ਼ਸਲਾਂ ਦੀ ਆਮਦ ਸ਼ੁਰੂ ਹੋਣ ਦੇ ਮੌਕੇ 'ਤੇ ਲਿਆ ਗਿਆ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਉਹਨਾਂ ਦੇ ਨਾਲ ਭਾਜਪਾ ਦੇ ਸੀਨੀਅਰ ਆਗੂ ਜੋਗੀ ਰਾਮ ਸਾਹਨੀ ,ਅਮਨਦੀਪ ਸਿੰਘ ਪੂਨੀਆ, ਭਗਵੰਤ ਸਿੰਘ .ਮੰਡਲ ਪ੍ਰਧਾਨ ਰੋਮੀ ਗੋਇਲ, ਸਚਿਨ ਭਾਰਦਵਾਜ ,ਸੰਜੀਵ ਕੁਮਾਰ, ਆਵਾ ਸਿੰਘ,ਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।