ਦਿੱਲੀ ਤੋਂ ਹਲਵਾਰਾ ਲਈ ਪਹਿਲੀ ਉਡਾਣ ਪਹੁੰਚੀ, ਰੋਜ਼ਾਨਾ ਦੋ ਫਲਾਈਟਾਂ ਚੱਲਣਗੀਆਂ

ਦਿੱਲੀ ਤੋਂ ਹਲਵਾਰਾ ਲਈ ਪਹਿਲੀ ਉਡਾਣ ਪਹੁੰਚੀ, ਰੋਜ਼ਾਨਾ ਦੋ ਫਲਾਈਟਾਂ ਚੱਲਣਗੀਆਂ

ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਦਾ ਪੰਜਾਬ ਵਾਸੀਆਂ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਇੰਤਜ਼ਾਰ ਅੱਜ ਖਤਮ ਹੋ ਗਿਆ। ਹਲਵਾਰਾ ਏਅਰਪੋਰਟ ‘ਤੇ ਪਹਿਲੀ ਫਲਾਈਟ ਸਵੇਰੇ 7:05 ਵਜੇ ਦਿੱਲੀ ਤੋਂ ਪਹੁੰਚੀ। ਇਸ ਤੋਂ ਬਾਅਦ ਲੁਧਿਆਣਾ ਤੋਂ ਦਿੱਲੀ ਲਈ ਪਹਿਲੀ ਉਡਾਣ ਸਵੇਰੇ 7:55 ਵਜੇ ਰਵਾਨਾ ਹੋਈ। ਦਿੱਲੀ ਤੋਂ ਆਈ ਪਹਿਲੀ ਉਡਾਣ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਲਗਭਗ 60 ਯਾਤਰੀਆਂ ਦੇ ਨਾਲ ਏਅਰ ਇੰਡੀਆ ਦੀ ਫਲਾਈਟ ਰਾਹੀਂ ਲੁਧਿਆਣਾ ਪਹੁੰਚੇ। ਏਅਰ ਇੰਡੀਆ ਵੱਲੋਂ ਹਲਵਾਰਾ-ਲੁਧਿਆਣਾ ਹਵਾਈ ਅੱਡੇ ਤੋਂ ਰੋਜ਼ਾਨਾ ਦੋ ਉਡਾਣਾਂ ਚਲਾਈਆਂ ਜਾਣਗੀਆਂ। ਦਿੱਲੀ ਤੋਂ ਲੁਧਿਆਣਾ ਤੱਕ ਦਾ ਸਫ਼ਰ ਲਗਭਗ 1 ਘੰਟਾ 15 ਮਿੰਟ ਵਿੱਚ ਪੂਰਾ ਹੋਵੇਗਾ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਅਨੁਸਾਰ, ਯਾਤਰੀਆਂ ਨੂੰ ਆਪਣੀ ਉਡਾਣ ਤੋਂ ਘੱਟੋ-ਘੱਟ 90 ਮਿੰਟ ਪਹਿਲਾਂ ਹਵਾਈ ਅੱਡੇ ‘ਤੇ ਪਹੁੰਚਣਾ ਲਾਜ਼ਮੀ ਹੋਵੇਗਾ। ਨਿਰਧਾਰਤ ਉਡਾਣ ਤੋਂ ਇੱਕ ਘੰਟਾ ਪਹਿਲਾਂ ਟਰਮੀਨਲ ਬੰਦ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਕਿਸੇ ਵੀ ਯਾਤਰੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪੰਜਾਬ ਵਿੱਚ ਛੇ ਹਵਾਈ ਅੱਡੇ ਕਾਰਜਸ਼ੀਲ ਸਨ, ਜਿਨ੍ਹਾਂ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ, ਸ਼ਹੀਦ ਭਗਤ ਸਿੰਘ ਹਵਾਈ ਅੱਡਾ ਮੋਹਾਲੀ (ਚੰਡੀਗੜ੍ਹ), ਆਦਮਪੁਰ ਹਵਾਈ ਅੱਡਾ, ਬਠਿੰਡਾ ਹਵਾਈ ਅੱਡਾ, ਪਠਾਨਕੋਟ ਹਵਾਈ ਅੱਡਾ ਅਤੇ ਸਾਹਨੇਵਾਲ ਹਵਾਈ ਅੱਡਾ ਲੁਧਿਆਣਾ ਸ਼ਾਮਲ ਹਨ। ਹਾਲਾਂਕਿ, ਹਲਵਾਰਾ ਹਵਾਈ ਅੱਡਾ ਸ਼ੁਰੂ ਹੋਣ ਨਾਲ ਸਾਹਨੇਵਾਲ ਹਵਾਈ ਅੱਡਾ ਬੰਦ ਕਰ ਦਿੱਤਾ ਜਾਵੇਗਾ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਆਪਣਾ ਸਾਰਾ ਸਟਾਫ਼ ਹਲਵਾਰਾ ਹਵਾਈ ਅੱਡੇ ‘ਤੇ ਤਬਦੀਲ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਏਅਰ ਇੰਡੀਆ ਨੇ ਵੀ ਉੱਥੇ ਆਪਣਾ ਸਟਾਫ਼ ਤਾਇਨਾਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਫਰਵਰੀ 2026 ਨੂੰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਨੇ ਜਲੰਧਰ ਤੋਂ ਵਰਚੁਅਲੀ ਇਸ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ। ਇਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਵੀ ਹਲਵਾਰਾ ਹਵਾਈ ਅੱਡੇ ‘ਤੇ ਮੌਜੂਦ ਰਹੇ।