ਐੱਸਏਐੱਸ ਨਗਰ : ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐੱਸ ਤਿੜਕੇ ਨੇ ਜ਼ਿਲ੍ਹੇ ਦੇ ਮਾਲ ਅਧਿਕਾਰੀਆਂ ਨੂੰ ਜ਼ਮੀਨ ਦੀ ਤਕਸੀਮ ਅਤੇ ਖ਼ਸਰਾ ਗਿਰਦਵਾਰੀ ਦੇ ਇਕ ਸਾਲ ਤੋਂ ਉੱਪਰ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਅਗਲੇ ਦੋ ਮਹੀਨਿਆਂ ਵਿਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਜ਼ਿਲ੍ਹਾ ਐੱਸਏਐੱਸ ਨਗਰ ਦੇ ਮਾਲ ਅਫ਼ਸਰਾਂ ਦੀ ਉਪ ਮੰਡਲ ਮੈਜਿਸਟਰੇਟਾਂ ਅਤੇ ਜ਼ਿਲ੍ਹਾ ਮਾਲ ਅਫ਼ਸਰ ਦੀ ਹਾਜ਼ਰੀ ਵਿੱਚ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜ਼ਮੀਨਾਂ ਦੀ ਵੰਡ ’ਤੇ ਖ਼ਸਰਾ ਗਿਰਦਵਾਰੀ ਦੇ ਲੰਬਿਤ ਕੇਸਾਂ ਸਬੰਧੀ ਉਨ੍ਹਾਂ ਦੇ ਦਫ਼ਤਰਾਂ ਵਿੱਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਮਾਂਬੱਧ ਹੋਣੀ ਚਾਹੀਦੀ ਹੈ ਅਤੇ ਇਕ ਸਾਲ ਤੋਂ ਵੱਧ ਲੰਬਿਤ ਪਏ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਨਿਪਟਾਇਆ ਜਾਵੇ। ਇੰਤਕਾਲਾਂ ਦੇ ਬਕਾਇਆ ਮਾਮਲਿਆਂ ਵਿੱਚ ਹੋਰ ਕਮੀ ਲਿਆਉਣ ਦੀ ਹਦਾਇਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਇਸ ’ਤੇ ਜ਼ੋਰ ਦੇਣ ਲਈ ਕਿਹਾ। ਐੱਨਐੱਚਏਆਈ ਦੇ ਨਾਂ ਤੇ ਸੜਕੀ ਨੈੱਟਵਰਕ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਇੰਤਕਾਲ ਦੇ ਕੇਸਾਂ ਦਾ ਜਲਦ ਨਿਪਟਾਰਾ ਨਾ ਕੀਤੇ ਜਾਣ ਕਾਰਨ ਭਵਿੱਖ ਚ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਬਾਰੇ ਮਾਲ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਏਡੀਸੀ ਵਿਰਾਜ ਐੱਸ ਤਿੜਕੇ ਨੇ ਕਿਹਾ ਕਿ ਇਹ ਜ਼ਮੀਨ ਮਾਲਕਾਂ ਲਈ ਉਨ੍ਹਾਂ ਦੀ ਬਾਕੀ ਜ਼ਮੀਨ ਦਾ ਮਾਲ ਰਿਕਾਰਡ ਸਾਫ਼ ਰੱਖਣ ਲਈ ਅਤੇ ਹੋਰ ਲੋੜਾਂ ਲਈ ਵੀ ਲਾਭਕਾਰੀ ਹੋਵੇਗਾ। ਮਾਲ ਅਫ਼ਸਰਾਂ ਵੱਲੋਂ ਕੀਤੀ ਗਈ ਰਿਕਵਰੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਨੇ ਮਾਲੀਆ ਅਤੇ ਹੋਰ ਵਸੂਲੀ ਨੂੰ ਵਧਾਉਣ ਅਤੇ ਤੇਜ਼ ਕਰਨ ਤੇ ਜ਼ੋਰ ਦਿੱਤਾ। ਮਾਲ ਅਫ਼ਸਰਾਂ ਨੂੰ ਮਾਨਯੋਗ ਅਦਾਲਤਾਂ ਦੁਆਰਾ ਕਿਸੇ ਵੀ ਪ੍ਰਤੀਕੂਲ ਟਿੱਪਣੀ ਤੋਂ ਬਚਣ ਲਈ ਅਦਾਲਤੀ ਕੇਸਾਂ ਦੀ ਨਿੱਜੀ ਤੌਰ ਤੇ ਪੈਰਵੀ ਕਰਨ ਲਈ ਕਿਹਾ ਗਿਆ। ਜ਼ੀਰਕਪੁਰ ਅਤੇ ਮਾਜਰੀ ਸਬ ਤਹਿਸੀਲਾਂ ਦੀਆਂ ਬਣਨ ਵਾਲੀਆਂ ਇਮਾਰਤਾਂ ਅਤੇ ਸਬ ਰਜਿਸਟਰਾਰ ਦਫ਼ਤਰ ਐੱਸਏਐੱਸ ਨਗਰ ਮੁਹਾਲੀ ਦੇ ਆਧੁਨਿਕੀਕਰਨ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਐੱਸਡੀਐੱਮਜ਼ ਅਤੇ ਸਬੰਧਤ ਮਾਲ ਅਧਿਕਾਰੀਆਂ ਨੂੰ ਸਮੇਂ ਸਿਰ ਲੋੜੀਂਦੀਆਂ ਪ੍ਰਵਾਨਗੀਆਂ ਲਈ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ। ਬੈਠਕ ’ਚ ਐੱਸਡੀਐੱਮ ਮੁਹਾਲੀ ਦਮਨਦੀਪ ਕੌਰ, ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ, ਜ਼ਿਲ੍ਹਾ ਮਾਲ ਅਫ਼ਸਰ ਡਾ. ਅਮਨਦੀਪ ਚਾਵਲਾ, ਤਹਿਸੀਲਦਾਰ ਬੀਰਕਰਨ ਸਿੰਘ ਢਿੱਲੋਂ, ਸਬ ਰਜਿਸਟਰਾਰ ਨਵਪ੍ਰੀਤ ਸਿੰਘ ਸ਼ੇਰਗਿੱਲ, ਸਬ ਰਜਿਸਟਰਾਰ ਨਵਪ੍ਰੀਤ ਸਿੰਘ ਸ਼ੇਰਗਿੱਲ, ਸਬ ਰਜਿਸਟਰਾਰ ਜਸਪ੍ਰੀਤ ਸਿੰਘ ਅਤੇ ਜ਼ਿਲ੍ਹੇ ਦੇ ਨਾਇਬ ਤਹਿਸੀਲਦਾਰ ਹਾਜ਼ਰ ਸਨ।
Leave a Reply