ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਨਾਲ ਵੱਡਾ ਹਾਦਸਾ, 30 ਲੋਕਾਂ ਦੀ ਮੌਤ
ਪੱਛਮੀ ਅਫਰੀਕੀ ਦੇਸ਼ ਗਿਨੀ ਦੀ ਰਾਜਧਾਨੀ ਕਾਨਾਕਰੀ ਵਿੱਚ ਭਾਰੀ ਮੀਂਹ ਮਗਰੋਂ ਕੂੜੇ ਦੇ ਵੱਡੇ ਢੇਰ ਦੇ ਡਿੱਗਣ ਕਾਰਨ 30 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਦਰ ਅਸਲਾਮ ਕੂੜਾ ਡੰਪ ਦੇ ਨੇੜੇ ਵਾਪਰਿਆ, ਜਿੱਥੇ ਰਾਤ ਭਰ ਹੋਈ ਭਾਰੀ ਬਾਰਿਸ਼ ਮਗਰੋਂ ਕੂੜੇ ਦਾ ਮਲਬਾ ਨਾਲ ਲੱਗਦੇ ਘਰਾਂ ਉੱਤੇ ਆ ਡਿੱਗਿਆ। ਸਥਾਨਕ ਅਧਿਕਾਰੀਆਂ ਅਤੇ ਬਚਾਅ ਕਰਮਚਾਰੀਆਂ ਮੁਤਾਬਕ ਰਾਹਤ ਤੇ ਬਚਾਅ ਕਾਰਜਾਂ ਦੌਰਾਨ ਮਲਬੇ ਵਿੱਚੋਂ ਹੁਣ ਤੱਕ 30 ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਹਾਦਸਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਵਾਪਰਿਆ, ਜਿਸ ਕਾਰਨ ਨੇੜਲੇ ਕਈ ਘਰ ਮਲਬੇ ਹੇਠ ਦੱਬ ਗਏ। ਸਥਾਨਕ ਉਪ-ਸ਼ਹਿਰ ਦੇ ਮੁਖੀ ਲਾਂਸੀਨੇ ਸਿਲਾ ਨੇ ਸ਼ੁਰੂਆਤ ਵਿੱਚ ਮਲਬੇ ਵਿੱਚੋਂ 18 ਲਾਸ਼ਾਂ ਕੱਢੇ ਜਾਣ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਬਾਅਦ ਅਧਿਕਾਰੀਆਂ ਅਤੇ ਐਸੋਸੀਏਟਿਡ ਪ੍ਰੈਸ (ਏਪੀ) ਦੀਆਂ ਅਪਡੇਟਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧ ਕੇ 30 ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਗਿਨੀ ਦੀ ਖੇਤਰੀ ਪ੍ਰਸ਼ਾਸਨ ਮੰਤਰੀ ਜੇਨਾਬੂ ਟੋਰੇ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਰੱਖੇ ਗਏ। ਪ੍ਰਸ਼ਾਸਨ ਮੁਤਾਬਕ, ਇਸ ਖਤਰਨਾਕ ਡੰਪ ਸਾਈਟ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ। ਸੁਰੱਖਿਆ ਦੇ ਮੱਦੇਨਜ਼ਰ ਇਲਾਕਾ ਖਾਲੀ ਕਰਵਾਉਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇਸ ਕਾਰਨ ਕਈ ਲੋਕ ਉੱਥੋਂ ਚਲੇ ਗਏ ਸਨ, ਪਰ ਹਾਦਸੇ ਦੇ ਸਮੇਂ ਕੁਝ ਪਰਿਵਾਰ ਅਜੇ ਵੀ ਉੱਥੇ ਰਹਿ ਰਹੇ ਸਨ। ਮਿਲਟਰੀ ਇੰਜੀਨੀਅਰਿੰਗ ਬਟਾਲੀਅਨ ਦੇ ਸੈਨੀਟੇਸ਼ਨ ਅਫ਼ਸਰ ਲੈਫਟੀਨੈਂਟ ਕਰਨਲ ਬਾਲਡੇ ਮਾਮਾਦੋ ਬਾਇਲੋ ਨੇ ਦੱਸਿਆ ਕਿ ਇਹ ਖੁੱਲ੍ਹਾ ਕੂੜਾ ਡੰਪ ਸ਼ਹਿਰ ਦਾ ਸਭ ਤੋਂ ਵੱਡਾ ਡੰਪ ਹੈ। ਇਸ ਨੂੰ ਐਤਵਾਰ ਨੂੰ ਅਧਿਕਾਰਤ ਤੌਰ ’ਤੇ ਬੰਦ ਕੀਤਾ ਜਾਣਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲੈਂਡਫਿਲ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਘਰ ਖਾਲੀ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਸਨ। ਕਈ ਲੋਕ ਇਲਾਕਾ ਛੱਡ ਕੇ ਚਲੇ ਗਏ ਸਨ, ਪਰ ਕੁਝ ਪਰਿਵਾਰ ਹਾਦਸੇ ਸਮੇਂ ਉੱਥੇ ਮੌਜੂਦ ਸਨ। ਫਿਲਹਾਲ ਬਚਾਅ ਟੀਮਾਂ ਮਲਬਾ ਹਟਾਉਣ ਅਤੇ ਉਸ ਵਿੱਚ ਫਸੇ ਲੋਕਾਂ ਦੀ ਭਾਲ ਕਰਨ ਵਿੱਚ ਜੁਟੀਆਂ ਹੋਈਆਂ ਹਨ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
Posted By: Daily Suraj Bureau