16 ਸਾਲਾਂ ਦੇ ਸ਼ਾਨਦਾਰ ਸਫ਼ਰ ਨਾਲ ਐਗਰੋ-ਕੈਮੀਕਲ ਖੇਤਰ ਵਿੱਚ ਭਰੋਸੇ ਦਾ ਪ੍ਰਤੀਕ ਬਣੀ ਕੋਪਲ
ਕਿਸਾਨਾਂ ਦੀ ਸੇਵਾ, ਮਿਆਰੀ ਉਤਪਾਦਾਂ ਅਤੇ ਗੁਣਵੱਤਾ ਪ੍ਰਤੀ ਵਚਨਬੱਧਤਾ ਸਦਕਾ ਕੰਪਨੀ ਨੇ ਸਥਾਪਤ ਕੀਤੀ ਵਿਲੱਖਣ ਪਛਾਣ
(ਜਗਸੀਰ ਸਿੰਘ)- 16 ਸਾਲ ਪਹਿਲਾਂ ਬੀਜਿਆ ਗਿਆ ਭਰੋਸੇ ਦਾ ਇੱਕ ਛੋਟਾ ਜਿਹਾ ਬੂਟਾ ਅੱਜ ਐਗਰੋ-ਕੈਮੀਕਲ ਉਦਯੋਗ ਵਿੱਚ ਇੱਕ ਵਿਸ਼ਾਲ ਰੁੱਖ ਦਾ ਰੂਪ ਧਾਰਨ ਕਰ ਚੁੱਕਾ ਹੈ। ਆਪਣੀ 16ਵੀਂ ਵਰ੍ਹੇਗੰਢ ਮੌਕੇ ਕੋਪਲ ਦੀ ਇਹ ਸਫ਼ਲਤਾ ਭਰੀ ਯਾਤਰਾ ਮਿਹਨਤ, ਲਗਨ, ਇਮਾਨਦਾਰੀ, ਦੂਰਅੰਦੇਸ਼ੀ ਅਤੇ ਕਿਸਾਨਾਂ ਦੀ ਸੇਵਾ ਪ੍ਰਤੀ ਸਮਰਪਣ ਦੀ ਅਜਿਹੀ ਮਿਸਾਲ ਹੈ, ਜੋ ਹਰ ਕਿਸੇ ਲਈ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ। ਇਹ 16 ਸਾਲ ਸਿਰਫ਼ ਇੱਕ ਕੰਪਨੀ ਦੇ ਕਾਰੋਬਾਰੀ ਵਿਸਥਾਰ ਦੀ ਕਹਾਣੀ ਨਹੀਂ, ਸਗੋਂ ਹਜ਼ਾਰਾਂ ਕਿਸਾਨਾਂ ਦੇ ਭਰੋਸੇ, ਸਾਂਝੇ ਵਿਕਾਸ ਅਤੇ ਖੇਤੀਬਾੜੀ ਦੀ ਖੁਸ਼ਹਾਲੀ ਨਾਲ ਜੁੜਿਆ ਇੱਕ ਮਹੱਤਵਪੂਰਨ ਸਫ਼ਰਨਾਮਾ ਹਨ। ਆਪਣੇ ਲਈ ਤਾਂ ਹਰ ਕੋਈ ਕਮਾਈ ਕਰਦਾ ਹੈ, ਪਰ ਦੂਜਿਆਂ ਦਾ ਭਰੋਸਾ ਜਿੱਤਣਾ ਅਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਕੋਪਲ ਨੇ ਆਪਣੇ 16 ਸਾਲਾਂ ਦੇ ਸਫ਼ਰ ਦੌਰਾਨ ਇਸੇ ਭਰੋਸੇ ਨੂੰ ਆਪਣੀ ਸਭ ਤੋਂ ਵੱਡੀ ਪੂੰਜੀ ਬਣਾਇਆ ਹੈ। ਕੰਪਨੀ ਨੇ ਨਾ ਸਿਰਫ਼ ਖੇਤੀਬਾੜੀ ਨਾਲ ਸਬੰਧਤ ਉਤਪਾਦ ਤਿਆਰ ਕੀਤੇ, ਸਗੋਂ ਹਜ਼ਾਰਾਂ ਕਿਸਾਨਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਖੁਸ਼ਹਾਲੀ ਦੀ ਨਵੀਂ ਦਿਸ਼ਾ ਦੇਣ ਦਾ ਯਤਨ ਵੀ ਕੀਤਾ ਹੈ। ਕੰਪਨੀ ਦੀ ਸਥਾਪਨਾ ਸਮੇਂ ਹੀ ਇਸ ਦਾ ਉਦੇਸ਼ ਸਪੱਸ਼ਟ ਸੀ ਕਿ ਭਾਰਤੀ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ, ਮਿਆਰੀ ਅਤੇ ਵਾਤਾਵਰਣ ਪੱਖੋਂ ਜ਼ਿੰਮੇਵਾਰ ਖੇਤੀਬਾੜੀ ਹੱਲ ਮੁਹੱਈਆ ਕਰਵਾਏ ਜਾਣ, ਤਾਂ ਜੋ ਫ਼ਸਲਾਂ ਦੀ ਬਿਹਤਰ ਸਿਹਤ ਅਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਮਿਲ ਸਕੇ। ਕੋਪਲ ਦੀ ਨੀਂਹ ਕਿਸੇ ਵੱਡੇ ਕਾਰਪੋਰੇਟ ਸਮੂਹ ਵੱਲੋਂ ਨਹੀਂ, ਸਗੋਂ ਇਸ ਦੇ ਦੂਰਅੰਦੇਸ਼ ਸੰਸਥਾਪਕ ਸਤਿਕਾਰਯੋਗ ਬਾਬੂ ਸ਼ਾਮ ਲਾਲ ਬਾਂਸਲ ਅਤੇ ਉਨ੍ਹਾਂ ਦੇ ਸਪੁੱਤਰ ਸ੍ਰੀ ਸੰਜੀਵ ਬਾਂਸਲ ਦੀ ਅਣਥੱਕ ਮਿਹਨਤ, ਸੱਚੀ ਨੀਅਤ ਅਤੇ ਦ੍ਰਿੜ੍ਹ ਇਰਾਦੇ ਸਦਕਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੂਲਰ ਘਰਾਟ ਵਿਖੇ ਰੱਖੀ ਗਈ ਸੀ। ਛੋਟੇ ਪੱਧਰ ਤੋਂ ਸ਼ੁਰੂ ਹੋਈ ਇਹ ਯਾਤਰਾ ਅੱਜ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਗੁਣਵੱਤਾ ਪ੍ਰਤੀ ਅਟੱਲ ਵਚਨਬੱਧਤਾ ਸਦਕਾ ਪੰਜਾਬ ਸਮੇਤ ਗੁਆਂਢੀ ਰਾਜਾਂ ਦੇ ਕਿਸਾਨਾਂ ਵਿੱਚ ਭਰੋਸੇਯੋਗ ਪਛਾਣ ਸਥਾਪਤ ਕਰ ਚੁੱਕੀ ਹੈ। ਸ੍ਰੀ ਸੰਜੀਵ ਬਾਂਸਲ ਨੇ ਇਸ ਸਫ਼ਰ ਦੌਰਾਨ ਅਨੇਕਾਂ ਚੁਣੌਤੀਆਂ ਅਤੇ ਉਤਰਾਅ-ਚੜ੍ਹਾਅ ਦਾ ਦਲੇਰੀ ਨਾਲ ਸਾਹਮਣਾ ਕੀਤਾ। ਐਗਰੋ-ਕੈਮੀਕਲ ਵਰਗੇ ਸਖ਼ਤ ਮੁਕਾਬਲੇ ਵਾਲੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ, ਪਰ ਉਨ੍ਹਾਂ ਨੇ ਕਦੇ ਵੀ ਉਤਪਾਦਾਂ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਕੀਤਾ। ਮਿਆਰੀ ਉਤਪਾਦ ਅਤੇ ਕਿਸਾਨ-ਪੱਖੀ ਨੀਤੀਆਂ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਦਾ ਮੁੱਖ ਆਧਾਰ ਰਹੀਆਂ ਹਨ। ਉਨ੍ਹਾਂ ਦੀ ਸੋਚ ਸੀ ਕਿ ਕੋਪਲ ਦਾ ਮਕਸਦ ਸਿਰਫ਼ ਖੇਤੀਬਾੜੀ ਦਵਾਈਆਂ ਵੇਚਣਾ ਹੀ ਨਹੀਂ ਹੋਣਾ ਚਾਹੀਦਾ, ਸਗੋਂ ਕਿਸਾਨਾਂ ਨੂੰ ਫ਼ਸਲਾਂ ਦੀ ਸੁਰੱਖਿਆ ਅਤੇ ਬਿਹਤਰ ਪੈਦਾਵਾਰ ਲਈ ਸੰਪੂਰਨ ਤੇ ਵਿਗਿਆਨਕ ਹੱਲ ਮੁਹੱਈਆ ਕਰਵਾਉਣਾ ਵੀ ਹੋਣਾ ਚਾਹੀਦਾ ਹੈ। ਇਸੇ ਸੋਚ ਨੂੰ ਅਮਲ ਵਿੱਚ ਲਿਆਉਂਦਿਆਂ ਕੰਪਨੀ ਨੇ ਕਿਸਾਨਾਂ ਦੀਆਂ ਜ਼ਮੀਨੀ ਲੋੜਾਂ ਨੂੰ ਸਮਝਿਆ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ, ਕਿਫ਼ਾਇਤੀ ਤੇ ਵਾਤਾਵਰਣ-ਅਨੁਕੂਲ ਉਤਪਾਦ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ। ਕੰਪਨੀ ਦੀ ਇਸ ਪ੍ਰਾਪਤੀ ਦਾ ਇੱਕ ਮਹੱਤਵਪੂਰਨ ਪੜਾਅ ਭਾਰਤ ਸਰਕਾਰ ਦੇ ਲਘੂ ਉਦਯੋਗ ਮੰਤਰਾਲੇ ਵੱਲੋਂ ਦੇਸ਼ ਦੇ ਉਦਯੋਗਾਂ ਵਿੱਚੋਂ ਐੱਸ.ਐੱਮ.ਈ. 100 ਐਵਾਰਡ ਪ੍ਰਾਪਤ ਕਰਨਾ ਵੀ ਹੈ, ਜਿਸ ਨਾਲ ਕੋਪਲ ਨੇ ਆਪਣੀ ਸਫ਼ਲਤਾ ਦੇ ਇਤਿਹਾਸ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਤ ਕੀਤਾ। ਅੱਜ ਕੀਟਨਾਸ਼ਕਾਂ, ਉੱਲੀਨਾਸ਼ਕਾਂ, ਨਦੀਨਨਾਸ਼ਕਾਂ ਅਤੇ ਪੌਦਿਆਂ ਦੇ ਵਾਧੇ ਨੂੰ ਨਿਯਮਤ ਕਰਨ ਵਾਲੇ ਉਤਪਾਦਾਂ ਦੇ ਖੇਤਰ ਵਿੱਚ ਕੋਪਲ ਦੇ ਬ੍ਰਾਂਡ ਕਿਸਾਨਾਂ ਵਿੱਚ ਭਰੋਸੇ ਨਾਲ ਵਰਤੇ ਜਾਂਦੇ ਹਨ। ਕੰਪਨੀ ਵੱਲੋਂ ਹਰ ਸਾਲ ਪੰਜਾਬ ਖੇਤੀਬਾੜੀ ਵਿਭਾਗ ਤੋਂ ਉੱਚ ਗੁਣਵੱਤਾ ਦਾ ਸਰਟੀਫਿਕੇਟ ਪ੍ਰਾਪਤ ਕਰਨਾ ਵੀ ਇਸ ਦੀ ਕਾਰਗੁਜ਼ਾਰੀ ਅਤੇ ਗੁਣਵੱਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਕੰਪਨੀ ਦੀ ਇਸ ਸਫ਼ਲਤਾ ਪਿੱਛੇ ਇਸ ਦੇ ਮਿਹਨਤੀ ਕਰਮਚਾਰੀਆਂ, ਖੇਤਰੀ ਟੀਮ ਅਤੇ ਵਿਤਰਕਾਂ ਦਾ ਵੀ ਅਹਿਮ ਯੋਗਦਾਨ ਹੈ। ਸ੍ਰੀ ਹਰਜੀਤ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਸਮੁੱਚਾ ਸਟਾਫ਼ ਅਤੇ ਖੇਤਰੀ ਟੀਮ ਹਰ ਸਮੇਂ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸਮਝਣ, ਲੋੜੀਂਦੀ ਸਹਾਇਤਾ ਦੇਣ ਅਤੇ ਸਹੀ ਮਾਰਗਦਰਸ਼ਨ ਕਰਨ ਲਈ ਯਤਨਸ਼ੀਲ ਰਹਿੰਦੀ ਹੈ। ਕੋਪਲ ਅਤੇ ਇਸ ਦੇ ਵਿਤਰਕਾਂ ਵਿਚਕਾਰ ਬਣਿਆ ਰਿਸ਼ਤਾ ਹੁਣ ਸਿਰਫ਼ ਵਪਾਰਕ ਸਾਂਝ ਤੱਕ ਸੀਮਤ ਨਹੀਂ ਰਿਹਾ, ਸਗੋਂ ਪਰਿਵਾਰਕ ਸਾਂਝ ਅਤੇ ਆਪਸੀ ਵਿਸ਼ਵਾਸ ਦੀ ਮਜ਼ਬੂਤ ਮਿਸਾਲ ਬਣ ਚੁੱਕਾ ਹੈ। ਵਿਤਰਕ ਕੰਪਨੀ ਨੂੰ ਆਪਣਾ ਪਰਿਵਾਰ ਸਮਝ ਕੇ ਕੰਮ ਕਰਦੇ ਹਨ, ਜਿਸ ਸਦਕਾ ਦੋਵਾਂ ਧਿਰਾਂ ਵਿਚਕਾਰ ਆਪਸੀ ਸਹਿਯੋਗ ਅਤੇ ਭਾਈਚਾਰਕ ਸਾਂਝ ਦੀ ਤੰਦ ਹੋਰ ਮਜ਼ਬੂਤ ਹੋਈ ਹੈ। ਕਾਰੋਬਾਰ ਵਿੱਚ ਨਵੇਂ ਲੋਕਾਂ ਦਾ ਜੁੜਨਾ ਆਮ ਗੱਲ ਹੈ, ਪਰ ਪੁਰਾਣੇ ਸਾਥੀਆਂ ਨੂੰ ਮਾਣ-ਸਤਿਕਾਰ ਦੇਣਾ, ਉਨ੍ਹਾਂ ਦੀ ਸਾਂਝ ਨੂੰ ਕਾਇਮ ਰੱਖਣਾ ਅਤੇ ਹਰ ਹਾਲਤ ਵਿੱਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਕੋਪਲ ਦੀ ਟੀਮ ਦੀ ਵਿਸ਼ੇਸ਼ਤਾ ਰਹੀ ਹੈ। ਇਹ 16 ਸਾਲ ਅਟੁੱਟ ਭਰੋਸੇ, ਸਾਂਝੇ ਵਿਕਾਸ ਅਤੇ ਕਿਸਾਨੀ ਦੇ ਸਸ਼ਕਤੀਕਰਨ ਦੀ ਕਹਾਣੀ ਹਨ। ਸ੍ਰੀ ਸੰਜੀਵ ਬਾਂਸਲ ਦੀ ਸੁਯੋਗ ਅਗਵਾਈ ਹੇਠ ਕੰਪਨੀ ਨੇ ਉਤਪਾਦਾਂ ਦੀ ਗੁਣਵੱਤਾ ਦੇ ਉੱਚੇ ਮਾਪਦੰਡ ਕਾਇਮ ਕਰਨ ਦੇ ਨਾਲ-ਨਾਲ ਕਿਸਾਨਾਂ ਦੇ ਦਿਲਾਂ ਵਿੱਚ ਵੀ ਆਪਣੀ ਵਿਸ਼ੇਸ਼ ਜਗ੍ਹਾ ਬਣਾਈ ਹੈ। ਕੋਪਲ ਦੀ ਇਹ ਸਫ਼ਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਮਜ਼ਬੂਤ ਇਰਾਦੇ, ਸਾਫ਼ ਨੀਅਤ ਅਤੇ ਸੱਚੀ ਮਿਹਨਤ ਨਾਲ ਕਿਸੇ ਵੀ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ। ਪਿਛਲੇ 16 ਸਾਲਾਂ ਦੌਰਾਨ ਕੋਪਲ ਨੇ ਆਧੁਨਿਕ ਤਕਨਾਲੋਜੀ ਅਤੇ ਉੱਚ ਗੁਣਵੱਤਾ ਨੂੰ ਆਪਣੇ ਕੰਮ ਦਾ ਆਧਾਰ ਬਣਾਇਆ ਹੈ। ਪ੍ਰਯੋਗਸ਼ਾਲਾ ਵਿੱਚ ਖੋਜ ਅਤੇ ਵਿਕਾਸ ਤੋਂ ਲੈ ਕੇ ਉਤਪਾਦਾਂ ਨੂੰ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਤੱਕ ਹਰ ਪੜਾਅ ’ਤੇ ਕਿਸਾਨਾਂ ਦੀਆਂ ਲੋੜਾਂ ਅਤੇ ਫ਼ਸਲਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਕੰਪਨੀ ਦੇ ਅਗਾਂਹਵਧੂ ਨੌਜਵਾਨ ਡਾਇਰੈਕਟਰ ਸ੍ਰੀ ਹੈਲਿਕ ਬਾਂਸਲ, ਜਿਨ੍ਹਾਂ ਨੇ ਵਿਦੇਸ਼ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ, ਵੱਲੋਂ ਨਵੀਆਂ ਤਕਨੀਕਾਂ ਅਤੇ ਬਿਹਤਰ ਫਾਰਮੂਲੇਸ਼ਨਾਂ ਨੂੰ ਅਪਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਇਸ ਦਾ ਉਦੇਸ਼ ਅਜਿਹੇ ਉਤਪਾਦ ਵਿਕਸਿਤ ਕਰਨਾ ਹੈ, ਜੋ ਘੱਟ ਮਾਤਰਾ ਵਿੱਚ ਵਰਤੋਂ ਦੇ ਬਾਵਜੂਦ ਵਧੇਰੇ ਪ੍ਰਭਾਵਸ਼ਾਲੀ ਅਤੇ ਲੰਬੇ ਸਮੇਂ ਤੱਕ ਅਸਰਦਾਰ ਸਿੱਧ ਹੋ ਸਕਣ। ਉਨ੍ਹਾਂ ਦੀ ਆਧੁਨਿਕ ਸੋਚ ਅਤੇ ਨਵੇਂ ਵਿਚਾਰਾਂ ਨੇ ਕੰਪਨੀ ਨੂੰ ਨਵੀਂ ਊਰਜਾ ਪ੍ਰਦਾਨ ਕੀਤੀ ਹੈ। ਕੰਪਨੀ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਦਾ ਉਦੇਸ਼ ਫ਼ਸਲਾਂ ਨੂੰ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਵਿੱਚ ਕਿਸਾਨਾਂ ਦੀ ਮਦਦ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਆਪਣੀ ਦਿਨ-ਰਾਤ ਦੀ ਮਿਹਨਤ ਦਾ ਉਚਿਤ ਮੁੱਲ ਮਿਲ ਸਕੇ। ਇਸ ਤਰ੍ਹਾਂ ਕੋਪਲ ਸਿਰਫ਼ ਇੱਕ ਕੰਪਨੀ ਹੀ ਨਹੀਂ, ਸਗੋਂ ਇੱਕ ਅਜਿਹਾ ਵਿਸ਼ਾਲ ਪਰਿਵਾਰ ਬਣ ਚੁੱਕੀ ਹੈ, ਜਿਸ ਨੇ ਆਪਣੇ ਕਰਮਚਾਰੀਆਂ ਅਤੇ ਵਿਤਰਕਾਂ ਰਾਹੀਂ ਕਿਸਾਨਾਂ ਨਾਲ ਭਰੋਸੇ ਦਾ ਮਜ਼ਬੂਤ ਰਿਸ਼ਤਾ ਕਾਇਮ ਕੀਤਾ ਹੈ। ਕੰਪਨੀ ਲਈ ਇਹ 16 ਸਾਲ ਸਫ਼ਲਤਾ ਦਾ ਇੱਕ ਮਹੱਤਵਪੂਰਨ ਪੜਾਅ ਹਨ, ਜਦਕਿ ਇਸ ਦੀ ਅਸਲ ਮੰਜ਼ਿਲ ਅਜੇ ਹੋਰ ਅੱਗੇ ਹੈ। ਕੋਪਲ ਦਾ ਆਉਣ ਵਾਲਾ ਸਫ਼ਰ ਨਵੀਆਂ ਉਮੀਦਾਂ, ਆਧੁਨਿਕ ਤਕਨੀਕਾਂ ਅਤੇ ਸੁਨਹਿਰੀ ਮੌਕਿਆਂ ਨਾਲ ਭਰਪੂਰ ਹੈ। ਕੰਪਨੀ ਭਵਿੱਖ ਵਿੱਚ ਵਾਤਾਵਰਣ ਦੀ ਸੰਭਾਲ, ਮਿੱਟੀ ਦੀ ਸਿਹਤ ਵਿੱਚ ਸੁਧਾਰ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਜੈਵਿਕ ਉਤਪਾਦਾਂ ਅਤੇ ਅਤਿ-ਆਧੁਨਿਕ ਤਕਨੀਕਾਂ ’ਤੇ ਕੰਮ ਕਰਨ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ਸ੍ਰੀ ਨਵੀਨ ਬਾਂਸਲ ਜੀ ਦੀ ਵਿਸ਼ੇਸ਼ ਮਦਦ ਅਤੇ ਸਹਿਯੋਗ ਵੀ ਕੰਪਨੀ ਲਈ ਅਹਿਮ ਭੂਮਿਕਾ ਨਿਭਾਏਗਾ। ਇਸ ਖ਼ਾਸ ਅਤੇ ਇਤਿਹਾਸਕ ਮੌਕੇ ’ਤੇ ਸਮੁੱਚੇ ਕੋਪਲ ਪਰਿਵਾਰ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਜਾਂਦੀ ਹੈ। ਇਸ ਵਿੱਚ ਕੰਪਨੀ ਦੇ ਸਤਿਕਾਰਯੋਗ ਸੰਸਥਾਪਕ, ਸਮੂਹ ਕਰਮਚਾਰੀ, ਵਿਤਰਕ ਭਾਈਵਾਲ ਅਤੇ ਸਭ ਤੋਂ ਵੱਧ ਮਹੱਤਵਪੂਰਨ ਉਹ ਮਿਹਨਤੀ ਕਿਸਾਨ ਭਰਾ ਸ਼ਾਮਲ ਹਨ, ਜਿਨ੍ਹਾਂ ਦੇ ਅਟੁੱਟ ਵਿਸ਼ਵਾਸ ਅਤੇ ਸਹਿਯੋਗ ਸਦਕਾ 16 ਸਾਲ ਪਹਿਲਾਂ ਲਾਇਆ ਗਿਆ ਭਰੋਸੇ ਦਾ ਇਹ ਛੋਟਾ ਜਿਹਾ ਬੂਟਾ ਅੱਜ ਇੱਕ ਵਿਸ਼ਾਲ ਰੁੱਖ ਬਣ ਚੁੱਕਾ ਹੈ। ਕੋਪਲ ਦੀ ਇਹ ਯਾਤਰਾ ਆਉਣ ਵਾਲੇ ਸਮੇਂ ਵਿੱਚ ਵੀ ਕਿਸਾਨਾਂ ਦੀ ਸੇਵਾ, ਗੁਣਵੱਤਾ ਅਤੇ ਨਵੀਨਤਾ ਦੇ ਰਾਹ ’ਤੇ ਨਿਰੰਤਰ ਅੱਗੇ ਵਧਦੀ ਰਹੇ, ਇਹੀ ਸ਼ੁਭਕਾਮਨਾ ਹੈ।