Daily Suraj

ਪੰਜਾਬੀ

5.7 ਤੀਬਰਤਾ ਦੇ ਭੂਚਾਲ ਨਾਲ ਕੰਬੀ ਚੀਨ ਦੀ ਧਰਤੀ, ਨੁਕਸਾਨ ਬਾਰੇ ਜਾਣਕਾਰੀ ਨਹੀਂ

21 Nov, 2026 06:18 PM

ਚੀਨ ਵਿੱਚ ਸ਼ਨਿਚਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੌਮੀ ਭੂਚਾਲ ਵਿਗਿਆਨ ਕੇਂਦਰ (ਐੱਨਸੀਐੱਸ) ਮੁਤਾਬਕ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 5.7 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਧਰਤੀ ਦੀ ਸਤਹਿ ਤੋਂ 80 ਕਿਲੋਮੀਟਰ ਹੇਠਾਂ ਸੀ।
 

ਐੱਨਸੀਐੱਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਭੂਚਾਲ ਭਾਰਤੀ ਸਮੇਂ ਮੁਤਾਬਕ ਸ਼ਾਮ 4 ਵੱਜ ਕੇ 15 ਮਿੰਟ ਅਤੇ 37 ਸਕਿੰਟ ’ਤੇ ਆਇਆ। ਕੇਂਦਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕਰਕੇ ਭੂਚਾਲ ਦੀ ਤੀਬਰਤਾ, ਸਮਾਂ ਅਤੇ ਡੂੰਘਾਈ ਸਬੰਧੀ ਵੇਰਵੇ ਦਿੱਤੇ। ਹਾਲਾਂਕਿ, ਭੂਚਾਲ ਕਾਰਨ ਹੋਏ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਤੁਰੰਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
 

ਇਸ ਮਹੀਨੇ ਪਹਿਲਾਂ ਵੀ ਆਇਆ ਸੀ ਭੂਚਾਲ
 

ਚੀਨ ਵਿੱਚ ਨਵੰਬਰ ਮਹੀਨੇ ਦੌਰਾਨ ਇਸ ਤੋਂ ਪਹਿਲਾਂ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਐੱਨਸੀਐੱਸ ਦੇ ਅੰਕੜਿਆਂ ਮੁਤਾਬਕ 5 ਨਵੰਬਰ ਨੂੰ 4.4 ਤੀਬਰਤਾ ਦਾ ਭੂਚਾਲ ਆਇਆ ਸੀ। ਉਸ ਸਮੇਂ ਭੂਚਾਲ ਦਾ ਕੇਂਦਰ ਧਰਤੀ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ।
 

ਡੂੰਘਾਈ ਦੇ ਆਧਾਰ ’ਤੇ ਭੂਚਾਲਾਂ ਦੀਆਂ ਤਿੰਨ ਸ਼੍ਰੇਣੀਆਂ
 

ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐੱਸਜੀਐੱਸ) ਅਨੁਸਾਰ ਭੂਚਾਲਾਂ ਨੂੰ ਉਨ੍ਹਾਂ ਦੇ ਕੇਂਦਰ ਦੀ ਡੂੰਘਾਈ ਦੇ ਆਧਾਰ ’ਤੇ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਧਰਤੀ ਤੋਂ 0 ਤੋਂ 70 ਕਿਲੋਮੀਟਰ ਦੀ ਡੂੰਘਾਈ ’ਤੇ ਆਉਣ ਵਾਲੇ ਭੂਚਾਲ ਘੱਟ ਡੂੰਘਾਈ ਵਾਲੇ ਮੰਨੇ ਜਾਂਦੇ ਹਨ। 70 ਤੋਂ 300 ਕਿਲੋਮੀਟਰ ਤੱਕ ਦੀ ਡੂੰਘਾਈ ’ਤੇ ਆਉਣ ਵਾਲੇ ਭੂਚਾਲ ਦਰਮਿਆਨੀ ਡੂੰਘਾਈ ਦੀ ਸ਼੍ਰੇਣੀ ਵਿੱਚ ਰੱਖੇ ਜਾਂਦੇ ਹਨ, ਜਦਕਿ 300 ਤੋਂ 700 ਕਿਲੋਮੀਟਰ ਤੱਕ ਦੀ ਡੂੰਘਾਈ ਵਾਲੇ ਭੂਚਾਲ ਡੂੰਘੇ ਭੂਚਾਲ ਕਹਾਉਂਦੇ ਹਨ।
 

ਭੂਚਾਲ ਦੀ ਡੂੰਘਾਈ ਨਾਲ ਸਤਹਿ ’ਤੇ ਪੈਣ ਵਾਲਾ ਅਸਰ ਵੀ ਬਦਲਦਾ ਹੈ
 

ਯੂਐੱਸਜੀਐੱਸ ਮੁਤਾਬਕ ਭੂਚਾਲ ਦੇ ਕੇਂਦਰ ਤੋਂ ਦੂਰੀ ਵਧਣ ਨਾਲ ਧਰਤੀ ਦੀ ਸਤਹਿ ’ਤੇ ਮਹਿਸੂਸ ਹੋਣ ਵਾਲੇ ਝਟਕਿਆਂ ਦਾ ਅਸਰ ਘਟਦਾ ਜਾਂਦਾ ਹੈ। ਇਸੇ ਤਰ੍ਹਾਂ ਭੂਚਾਲ ਦੀ ਡੂੰਘਾਈ ਵੀ ਇਸ ਦੇ ਪ੍ਰਭਾਵ ਨੂੰ ਨਿਰਧਾਰਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਮਿਸਾਲ ਵਜੋਂ, 500 ਕਿਲੋਮੀਟਰ ਦੀ ਡੂੰਘਾਈ ’ਤੇ ਆਏ ਭੂਚਾਲ ਨਾਲ ਸਤਹਿ ’ਤੇ ਹੋਣ ਵਾਲੀ ਹਿੱਲਜੁੱਲ ਉਸੇ ਤੀਬਰਤਾ ਦੇ 20 ਕਿਲੋਮੀਟਰ ਡੂੰਘਾਈ ’ਤੇ ਆਏ ਭੂਚਾਲ ਦੇ ਮੁਕਾਬਲੇ ਕਾਫ਼ੀ ਘੱਟ ਹੁੰਦੀ ਹੈ।
 

ਯੂਐੱਸਜੀਐੱਸ ਅਨੁਸਾਰ ਭੂਚਾਲ ਧਰਤੀ ਦੀ ਉੱਪਰਲੀ ਪਰਤ ਜਾਂ ਇਸ ਤੋਂ ਹੇਠਾਂ ਮੌਜੂਦ ਮੈਂਟਲ ਵਿੱਚ ਆਉਂਦੇ ਹਨ। ਇਹ ਖੇਤਰ ਧਰਤੀ ਦੀ ਸਤਹਿ ਤੋਂ ਲਗਪਗ 800 ਕਿਲੋਮੀਟਰ ਦੀ ਡੂੰਘਾਈ ਤੱਕ ਫੈਲਿਆ ਹੋਇਆ ਹੈ।

Latest News