Daily Suraj

ਪੰਜਾਬੀ

ਅਫਗਾਨ ਸਪਿਨ ਹਮਲੇ ਸਾਹਮਣੇ ਭਾਰਤ ਦੀ ਨਵੀਂ ਬੱਲੇਬਾਜ਼ੀ ਕ੍ਰਮ ਦੀ ਹੋਵੇਗੀ ਅਸਲ ਪਰਖ

06 Jun, 2026 09:52 AM

ਭਾਰਤ ਅਤੇ ਅਫਗਾਨਿਸਤਾਨ ਦੀਆਂ ਕ੍ਰਿਕਟ ਟੀਮਾਂ ਇੱਕ ਵਾਰ ਫਿਰ ਟੈਸਟ ਕ੍ਰਿਕਟ ਵਿੱਚ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ। ਦੋਵਾਂ ਦੇਸ਼ਾਂ ਵਿਚਾਲੇ ਇਕਲੌਤਾ ਟੈਸਟ ਮੈਚ ਅੱਜ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ। ਭਾਰਤੀ ਟੀਮ ਕਰੀਬ ਅੱਠ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਵਾਪਸੀ ਕਰ ਰਹੀ ਹੈ। ਇਹ ਮੁਕਾਬਲਾ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਿਸ ਦੀ ਸ਼ੁਰੂਆਤ ਸਵੇਰੇ 9:30 ਵਜੇ ਹੋਵੇਗੀ। ਮੈਚ ਦੌਰਾਨ ਅਫਗਾਨਿਸਤਾਨ ਦੇ ਸਪਿਨ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ਲਈ ਵੱਡੀ ਚੁਣੌਤੀ ਪੇਸ਼ ਕਰ ਸਕਦੇ ਹਨ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਚੇਤੇਸ਼ਵਰ ਪੁਜਾਰਾ ਦੇ ਸੰਨਿਆਸ ਤੋਂ ਬਾਅਦ ਭਾਰਤੀ ਟੀਮ ਦਾ ਬੱਲੇਬਾਜ਼ੀ ਕ੍ਰਮ ਕਾਫੀ ਹੱਦ ਤੱਕ ਨਵਾਂ ਨਜ਼ਰ ਆ ਰਿਹਾ ਹੈ। ਮੌਜੂਦਾ ਟੀਮ ਵਿੱਚ ਕੇਐਲ ਰਾਹੁਲ ਤੋਂ ਇਲਾਵਾ ਕੋਈ ਵੀ ਬੱਲੇਬਾਜ਼ 50 ਟੈਸਟ ਮੈਚਾਂ ਦਾ ਤਜਰਬਾ ਨਹੀਂ ਰੱਖਦਾ। ਇਸ ਤੋਂ ਪਹਿਲਾਂ ਖੇਡੀ ਗਈ ਟੈਸਟ ਲੜੀ ਵਿੱਚ ਭਾਰਤ ਨੂੰ ਦੱਖਣੀ ਅਫਰੀਕਾ ਹੱਥੋਂ 2-0 ਨਾਲ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਸੀ। ਕੋਲਕਾਤਾ ਅਤੇ ਗੁਹਾਟੀ ਦੀਆਂ ਪਿੱਚਾਂ 'ਤੇ ਭਾਰਤੀ ਬੱਲੇਬਾਜ਼ਾਂ ਨੂੰ ਸਪਿਨ ਗੇਂਦਬਾਜ਼ੀ ਖ਼ਿਲਾਫ਼ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਅੰਕੜਿਆਂ ਦੀ ਗੱਲ ਕਰੀਏ ਤਾਂ ਟੈਸਟ ਕ੍ਰਿਕਟ ਵਿੱਚ ਅਫਗਾਨਿਸਤਾਨ ਖ਼ਿਲਾਫ਼ ਭਾਰਤ ਦਾ ਜਿੱਤ ਦਾ ਰਿਕਾਰਡ ਸੌ ਫੀਸਦੀ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਸਿਰਫ਼ ਇੱਕ ਟੈਸਟ ਮੈਚ ਖੇਡਿਆ ਗਿਆ ਹੈ, ਜੋ 2018 ਵਿੱਚ ਬੰਗਲੁਰੂ ਵਿੱਚ ਹੋਇਆ ਸੀ। ਇਹ ਅਫਗਾਨਿਸਤਾਨ ਦੇ ਟੈਸਟ ਇਤਿਹਾਸ ਦਾ ਪਹਿਲਾ ਮੈਚ ਵੀ ਸੀ, ਜਿਸ ਵਿੱਚ ਭਾਰਤ ਨੇ ਜਿੱਤ ਦਰਜ ਕੀਤੀ ਸੀ। ਭਾਰਤੀ ਟੀਮ ਹੁਣ ਤੱਕ 598 ਟੈਸਟ ਮੈਚ ਖੇਡ ਚੁੱਕੀ ਹੈ। ਇਨ੍ਹਾਂ ਵਿੱਚੋਂ 185 ਮੈਚਾਂ ਵਿੱਚ ਜਿੱਤ, 188 ਵਿੱਚ ਹਾਰ ਮਿਲੀ ਹੈ, ਜਦਕਿ 224 ਮੈਚ ਡਰਾਅ ਰਹੇ ਹਨ। ਇੱਕ ਟੈਸਟ ਮੈਚ ਟਾਈ ਵੀ ਹੋਇਆ ਹੈ। ਦੂਜੇ ਪਾਸੇ ਅਫਗਾਨਿਸਤਾਨ ਨੇ ਹੁਣ ਤੱਕ 12 ਟੈਸਟ ਮੈਚ ਖੇਡੇ ਹਨ। ਟੀਮ ਨੇ 4 ਮੈਚ ਜਿੱਤੇ ਹਨ, 7 ਵਿੱਚ ਹਾਰ ਦਾ ਸਾਹਮਣਾ ਕੀਤਾ ਹੈ ਅਤੇ ਇੱਕ ਮੈਚ ਡਰਾਅ ਰਿਹਾ ਹੈ। ਅਜਿਹੇ ਵਿੱਚ ਮੁੱਲਾਂਪੁਰ ਵਿੱਚ ਹੋਣ ਵਾਲਾ ਇਹ ਮੁਕਾਬਲਾ ਦੋਵਾਂ ਟੀਮਾਂ ਲਈ ਅਹਿਮ ਸਾਬਤ ਹੋ ਸਕਦਾ ਹੈ।

Posted By: Daily Suraj Bureau

Latest News