Daily Suraj

ਪੰਜਾਬੀ

ਤਾਜਮਹਿਲ 'ਚ ਮੁੜ ਵਾਪਰੀ ਬਾਂਦਰ ਦੇ ਹਮਲੇ ਦੀ ਘਟਨਾ, ਯੂਕੇ ਦੀ ਮਹਿਲਾ ਸੈਲਾਨੀ ਹਸਪਤਾਲ ਦਾਖਲ

16 Sep, 2026 11:28 AM

ਵਿਸ਼ਵ ਪ੍ਰਸਿੱਧ ਤਾਜਮਹਿਲ ਦੇ ਪਰਿਸਰ ਵਿੱਚ ਮੰਗਲਵਾਰ ਸਵੇਰੇ ਇੱਕ ਦੁਖਦ ਘਟਨਾ ਸਾਹਮਣੇ ਆਈ ਹੈ, ਜਿੱਥੇ ਯੂਨਾਈਟਿਡ ਕਿੰਗਡਮ (ਯੂਕੇ) ਤੋਂ ਆਈ ਇੱਕ ਮਹਿਲਾ ਸੈਲਾਨੀ 'ਤੇ ਬਾਂਦਰ ਨੇ ਅਚਾਨਕ ਹਮਲਾ ਕਰ ਦਿੱਤਾ। ਬਾਂਦਰ ਦੇ ਵੱਢਣ ਕਾਰਨ ਮਹਿਲਾ ਜ਼ਖ਼ਮੀ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਮੁੱਢਲੇ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਯੂਕੇ ਦੀ ਰਹਿਣ ਵਾਲੀ ਸੂਜ਼ਨ ਨਾਮਕ ਮਹਿਲਾ ਸਵੇਰੇ ਲਗਭਗ 9:30 ਵਜੇ ਤਾਜਮਹਿਲ ਦੇਖਣ ਪਹੁੰਚੀ ਸੀ। ਸਵੇਰੇ 10 ਵਜੇ ਦੇ ਕਰੀਬ ਜਦੋਂ ਉਹ ਆਪਣੇ ਦੋਸਤਾਂ ਨਾਲ ਤਾਜਮਹਿਲ ਪਰਿਸਰ ਵਿੱਚ ਘੁੰਮ ਰਹੀ ਸੀ, ਤਾਂ ਕੁਝ ਬਾਂਦਰਾਂ ਨੇ ਅਚਾਨਕ ਉਸ ਵੱਲ ਝਪਟਾ ਮਾਰ ਦਿੱਤਾ। ਬਾਂਦਰਾਂ ਤੋਂ ਬਚਣ ਲਈ ਜਦੋਂ ਸੂਜ਼ਨ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਇੱਕ ਬਾਂਦਰ ਨੇ ਪਿੱਛਾ ਕਰ ਕੇ ਉਸ ਦੇ ਸੱਜੇ ਹੱਥ 'ਤੇ ਗੰਭੀਰਤਾ ਨਾਲ ਵੱਢ ਲਿਆ। ਹਮਲੇ ਤੋਂ ਬਾਅਦ ਪੀੜਤ ਮਹਿਲਾ ਦਰਦ ਨਾਲ ਚੀਕਣ ਲੱਗੀ, ਜਿਸ ਨੂੰ ਦੇਖ ਕੇ ਆਸ-ਪਾਸ ਮੌਜੂਦ ਹੋਰ ਸੈਲਾਨੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਕਿਸੇ ਤਰ੍ਹਾਂ ਬਾਂਦਰ ਨੂੰ ਭਜਾਇਆ। ਘਟਨਾ ਦੀ ਸੂਚਨਾ ਤੁਰੰਤ ਉੱਥੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਦਿੱਤੀ ਗਈ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਸੈਲਾਨੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਜ਼ਿਕਰਯੋਗ ਹੈ ਕਿ ਤਾਜਮਹਿਲ ਪਰਿਸਰ ਵਿੱਚ ਬਾਂਦਰਾਂ ਵੱਲੋਂ ਦੇਸ਼ੀ-ਵਿਦੇਸ਼ੀ ਸੈਲਾਨੀਆਂ 'ਤੇ ਹਮਲਾ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਵੀ ਇੱਕ ਕੋਰੀਅਨ ਮਹਿਲਾ ਸੈਲਾਨੀ ਨੂੰ ਬਾਂਦਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਸੀ। ਲਗਾਤਾਰ ਵਾਪਰ ਰਹੀਆਂ ਅਜਹੀਆਂ ਘਟਨਾਵਾਂ ਕਾਰਨ ਤਾਜਮਹਿਲ ਆਉਣ ਵਾਲੇ ਸੈਲਾਨੀਆਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਦੇ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

Posted By: Daily Suraj Bureau

Latest News