ਮੁਕਤਸਰ ਸਾਹਿਬ 'ਚ ਵੱਡਾ ਸੜਕ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਟਰਾਲੇ ਨਾਲ ਟਕਰਾਉਣ ਤੋਂ ਬਾਅਦ ਪਲਟੀ; 9 ਲੋਕ ਜ਼ਖਮੀ

ਮੁਕਤਸਰ ਸਾਹਿਬ 'ਚ ਵੱਡਾ ਸੜਕ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਟਰਾਲੇ ਨਾਲ ਟਕਰਾਉਣ ਤੋਂ ਬਾਅਦ ਪਲਟੀ; 9 ਲੋਕ ਜ਼ਖਮੀ

ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਤੋਂ ਅਬੋਹਰ ਜਾਣ ਵਾਲੀ ਪੰਜਾਬ ਰੋਡਵੇਜ਼ ਬੱਸ ਪਿੰਡ ਮਹਿਰਾਜ ਵਾਲਾ ਤੋਂ ਥੋੜੀ ਦੂਰੀ ਅੱਗੇ ਨਹਿਰ ਦਾ ਪੁੱਲ ਲੰਘ ਕੇ ਸੜਕ ਕਿਨਾਰੇ ਖੇਤਾਂ ਵਿੱਚ ਪਲਟ ਗਈ। ਹਾਦਸੇ ਦੌਰਾਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਜਦਕਿ ਕੁਝ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਸਿਵਲ ਹਸਪਤਾਲ ਮਲੋਟ ਤੇ ਸਿਵਲ ਹਸਪਤਾਲ ਮੁਕਤਸਰ ਵਿਖੇ ਦਾਖਲ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਤੋਂ ਇਲਾਵਾ ਮੁਕਤਸਰ ਡਿੱਪੂ ਦੇ ਕਰਮਚਾਰੀ ਵੀ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਨੇ ਜਖ਼ਮੀਆਂ ਨੂੰ ਹਸਪਤਾਲਾਂ ’ਚ ਪਹੁੰਚਾਇਆ। ਇਹ ਬੱਸ ਹਰ ਰੋਜ਼ ਦੁਪਹਿਰ ਡੇਢ ਵਜੇ ਦੇ ਕਰੀਬ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਜਾਂਦੀ ਹੈ। ਮੰਗਲਵਾਰ ਨੂੰ ਜਦ ਇਹ ਬੱਸ ਮੁਕਤਸਰ ਤੋਂ ਮਲੋਟ ਸਥਿਤ ਪਿੰਡ ਮਹਿਰਾਜ ਵਾਲਾ ਦਾ ਪੁੱਲ ਲੰਘੀ ਤਾਂ ਪਿੱਛੋਂ ਇਕ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਸੜਕ ਕਿਨਾਰੇ ਖੇਤਾਂ ’ਚ ਪਲਟ ਗਈ। ਹਾਦਸੇ ’ਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ 80 ਤੋਂ ਵੱਧ ਯਾਤਰੀ ਸਵਾਰ ਸਨ। ਚਸ਼ਮਦੀਦਾਂ ਦੇ ਅਨੁਸਾਰ, ਹਾਦਸਾ ਉਦੋਂ ਵਾਪਰਿਆ ਜਦੋਂ ਬੱਸ ਲੰਘਦੇ ਟਰਾਲੇ ਨਾਲ ਟਕਰਾਉਣ ਤੋਂ ਬਾਅਦ ਕੰਟਰੋਲ ਤੋਂ ਬਾਹਰ ਹੋ ਗਈ।