ਡੀਸੀ ਨੇ ਸਵੱਛ ਭਾਰਤ ਮਿਸ਼ਨ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਡੀਸੀ ਨੇ ਸਵੱਛ ਭਾਰਤ ਮਿਸ਼ਨ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਮੋਗਾ : ਜ਼ਿਲ੍ਹਾ ਮੋਗਾ ਵਿਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡੀਸੀ ਵਿਸ਼ੇਸ਼ ਸਾਰੰਗਲ ਨੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਦੌਰਾਨ ਹਰੇਕ ਘਰ ਨੂੰ ਪਖਾਨਾ ਸਹੂਲਤ ਮੁਹੱਈਆ ਕਰਵਾਉਣ, ਜ਼ਿਲ੍ਹਾ ਮੋਗਾ ’ਚ 47 ਕਮਿਊਨੀਟੀ ਪਖਾਨੇ ਬਣਵਾਉਣ, ਸੋਲਿਡ ਪਲਾਸਟਿਕ ਅਤੇ ਤਰਲ ਵੇਸਟ ਮੈਨੇਜਮੈਂਟ ਪ੍ਰੋਜੈਕਟ ਤਿਆਰ ਕਰਕੇ ਲਾਗੂ ਕਰਨ, ਗੋਬਰਧਨ ਪ੍ਰੋਜੈਕਟ ਨੂੰ ਚਲਾਉਣ ਲਈ ਰੂਪ ਰੇਖਾ ਤਿਆਰ ਕਰਨ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ ਇੰਟਰ ਬਲਾਕ ਵੈਰੀਫਿਕੇਸ਼ਨ ਟੀਮਾਂ, ਸਵੱਛਤਾ ਗਰੀਨ ਲੀਫ਼ ਰੇਟਿੰਗ ਸਿਸਟਮ ਤੇ ਹੋਰ ਕਮੇਟੀਆਂ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ। ਡੀਸੀ ਨੇ ਘਰ-ਘਰ ਵਿਚ ਪਖਾਨਾ ਬਣਾਉਣ ਦੇ ਕਾਰਜ ਨੂੰ ਜਲਦ ਮੁਕੰਮਲ ਕਰਨ ਲਈ ਪ੍ਰਗਤੀ ਰਿਪੋਰਟ ਮੰਗੀ। ਜ਼ਿਲ੍ਹੇ ਵਿਚ 47 ਕਮਿਊਨਟੀ ਪਖਾਨਿਆਂ ਦੇ ਨਿਰਮਾਣ ਦੀ ਯੋਜਨਾ ਤਿਆਰ ਕਰਕੇ ਇਸ ਦੀਆਂ ਸਮੇਂ ਸੀਮਾਵਾਂ ਤੈਅ ਕੀਤੀਆਂ। ਸੋਲਿਡ ਪਲਾਸਟਿਕ ਅਤੇ ਤਰਲ ਵੇਸਟ ਮੈਨੇਜਮੈਂਟ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਵਿਭਾਗਾਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ। ਗੋਬਰਧਨ ਪ੍ਰੋਜੈਕਟ ਦੇ ਤਹਿਤ ਬਾਇਓਗੈਸ ਪਲਾਂਟ ਅਤੇ ਆਰਗੈਨਿਕ ਖਾਦ ਦੇ ਉਤਪਾਦਨ ਲਈ ਰੂਪ ਰੇਖਾ ਤਿਆਰ ਕਰਨ ਲਈ ਕਿਹਾ ਗਿਆ। ਡੀਸੀ ਨੇ ਸਖ਼ਤੀ ਨਾਲ ਕਿਹਾ ਕਿ ਸਾਰੇ ਵਿਕਾਸ ਕਾਰਜ ਤੈਅ ਸਮਾਂ ਸੀਮਾ ’ਚ ਪੂਰੇ ਕੀਤੇ ਜਾਣ। ਉਨ੍ਹਾਂ ਨੇ ਹਰ 15 ਦਿਨ ਬਾਅਦ ਪ੍ਰਗਤੀ ਰਿਪੋਰਟ ਰੀਵਿਊ ਕਰਨ ਲਈ ਮੀਟਿੰਗ ਕਰਨ ਦੀ ਹਦਾਇਤ ਕੀਤੀ। ਡੀਸੀ ਵਿਸ਼ੇਸ਼ ਸਾਰੰਗਲ ਨੇ ਇਸ ਗੱਲ ਉੱਤੇ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਜਿਆਦਾਤਰ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਆਪਣੇ ਖੇਤਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਹੀ ਗਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਭਾਰਤ ਸਰਕਾਰ ਦਾ ਇਕ ਵਕਾਰੀ ਪ੍ਰੋਗਰਾਮ ਹੈ। ਜਿਸ ਦੇ ਟੀਚੇ ਨੂੰ ਹਾਸਲ ਕਰਨ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਸਫਾਈ ਅਤੇ ਮਜ਼ਬੂਤ ਸਾਧਨ ਬਨਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਜ਼ਿਲ੍ਹਾ ਪੱਧਰ ’ਤੇ ਸਫਾਈ ਦਾ ਉੱਚ ਮਾਪਦੰਡ ਕਾਇਮ ਕਰਨ ਉੱਤੇ ਜ਼ੋਰ ਦਿੱਤਾ।