ਪੁੱਤਰਾਂ ਦੇ ਵਿਆਹ ਮਗਰੋਂ ਹੁਣ ਮੈਂ ਪੂਰਾ ਸਮਾਂ ਕਿਸਾਨਾਂ ਦੀ ਸੇਵਾ ਲਈ ਦੇਵਾਂਗਾ : ਸ਼ਿਵਰਾਜ ਸਿੰਘ ਚੌਹਾਨ

ਪੁੱਤਰਾਂ ਦੇ ਵਿਆਹ ਮਗਰੋਂ ਹੁਣ ਮੈਂ ਪੂਰਾ ਸਮਾਂ ਕਿਸਾਨਾਂ ਦੀ ਸੇਵਾ ਲਈ ਦੇਵਾਂਗਾ : ਸ਼ਿਵਰਾਜ ਸਿੰਘ ਚੌਹਾਨ

ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਲੋਕ ਸਭਾ ਨੂੰ ਦਸਿਆ ਕਿ ਉਹ ਅਪਣੇ ਬੇਟੇ ਦੇ ਵਿਆਹ ਤੋਂ ਬਾਅਦ ਹੁਣ ਵਨਪ੍ਰਸਥ ਆਸ਼ਰਮ ਜਾ ਰਹੇ ਹਨ ਅਤੇ ਅਪਣਾ ਸਾਰਾ ਸਮਾਂ ਕਿਸਾਨਾਂ ਦੀ ਸੇਵਾ ਲਈ ਸਮਰਪਿਤ ਕਰਨਗੇ।

ਪ੍ਰਸ਼ਨ ਕਾਲ ਦੌਰਾਨ ਮੈਂਬਰਾਂ ਦੇ ਪੂਰਕ ਸਵਾਲਾਂ ਦਾ ਜਵਾਬ ਦਿੰਦੇ ਹੋਏ ਚੌਹਾਨ ਨੇ ਕਿਹਾ, ‘‘ਅੱਜ ਤੋਂ ਮੈਂ ਗ੍ਰਹਿਸਥੀ ਤੋਂ ਵਨਪ੍ਰਸਥ ਆਸ਼ਰਮ ਜਾ ਰਿਹਾ ਹਾਂ। ਅੱਜ ਮੇਰੇ ਪੁੱਤਰਾਂ ਦੇ ਵਿਆਹ ਤੋਂ ਬਾਅਦ ਰਿਸੈਪਸ਼ਨ ਹੈ। ਮੈਂ ਸਾਰਿਆਂ ਨੂੰ ਸੱਦਾ ਦਿਤਾ ਹੈ। ਕੱਲ੍ਹ ਤੋਂ ਮੈਂ ਵਣਪ੍ਰਸਤੀ ਬਣਾਂਗਾ ਅਤੇ ਅਪਣਾ ਸਾਰਾ ਸਮਾਂ ਕਿਸਾਨਾਂ ਦੀ ਸੇਵਾ ਲਈ ਸਮਰਪਿਤ ਕਰਾਂਗਾ ਕਿਉਂਕਿ ਉਨ੍ਹਾਂ ਦੀ ਸੇਵਾ ਹੀ ਮੇਰੇ ਲਈ ਪ੍ਰਮਾਤਮਾ ਦੀ ਪੂਜਾ ਹੈ।’’

ਫਸਲ ਬੀਮਾ ਯੋਜਨਾ ਬਾਰੇ ਇਕ ਪੂਰਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ’ਚ ਪਿੰਡ ਨੂੰ ਸੱਭ ਤੋਂ ਛੋਟੀ ਇਕਾਈ ਬਣਾਇਆ ਗਿਆ ਅਤੇ ਇਕ ਪਿੰਡ ’ਚ ਫਸਲ ਖਰਾਬ ਹੋਣ ’ਤੇ ਵੀ ਕਿਸਾਨਾਂ ਨੂੰ ਰਾਹਤ ਮਿਲਦੀ ਹੈ।

ਚੌਹਾਨ ਨੇ ਕਿਹਾ ਕਿ ਇਕ ਦਹਾਕੇ ਪਹਿਲਾਂ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਸੀ ਪਰ ਇਸ ਸਰਕਾਰ ਦੇ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕਈ ਉਪਾਅ ਕੀਤੇ ਗਏ ਹਨ, ਜਿਸ ਕਾਰਨ ਕਿਸਾਨਾਂ ਦੀ ਹਾਲਤ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ।

#ShivrajSinghChouhan #FarmersWelfare #KisanSeva #AgricultureReforms #MadhyaPradesh #FarmersFirst #IndianPolitics