ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਨਰਾਇਣ ਚੌੜਾ ਬਾਰੇ ਵੱਡਾ ਬਿਆਨ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਨਰਾਇਣ ਚੌੜਾ ਬਾਰੇ ਵੱਡਾ ਬਿਆਨ

ਲੁਧਿਆਣਾ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਪਹੁੰਚੇ। ਇਥੇ ਰਵਨੀਤ ਬਿੱਟੂ ਨੇ ਆਪਣੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ। ਬਿੱਟੂ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਜਾ ਕੇ ਪ੍ਰਚਾਰ ਕਰਨਗੇ ਜਿੱਥੇ ਨਗਰ ਨਿਗਮ ਜਾਂ ਪੰਚਾਇਤੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਬਿੱਟੂ ਨੇ ਸੁਖਬੀਰ ਬਾਦਲ ਅਤੇ ਅਕਾਲੀ ਦਲ 'ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਬਿੱਟੂ ਨੇ ਕਿਹਾ ਕਿ ਜਦੋਂ ਆਪਣੇ ਘਰ ਅੱਗ ਲੱਗਦੀ ਹੈ ਤਾਂ ਉਦੋਂ ਸੇਕ ਦਾ ਪਤਾ ਲੱਗਦਾ ਹੈ, ਦੂਜੇ ਘਰ ਅੱਗ ਲੱਗਦੀ ਤਾਂ ਲੋਹੜੀ ਲੱਗਦੀ ਹੈ। ਨਰਾਇਣ ਸਿੰਘ ਚੌੜਾ ਵਰਗੇ ਸੱਪ ਹਨ। ਜੇ ਇਨ੍ਹਾਂ ਨੂੰ ਦੁੱਧ ਪਿਲਾਉਗੇ ਤਾਂ ਇਹ ਡੰਗ ਜ਼ਰੂਰ ਮਾਰਨਗੇ। ਉਨ੍ਹਾਂ ਕਿਹਾ ਕਿ ਮੈਂ ਸ਼ੁਰੂ ਤੋਂ ਇਹ ਹੀ ਕਹਿੰਦਾ ਸੀ ਕਿ ਇਨ੍ਹਾਂ ਨੂੰ ਜੇਲ੍ਹਾਂ ਵਿਚੋਂ ਬਾਹਰ ਨਾ ਕੱਢੋ, ਇਹ ਜਦੋਂ ਵੀ ਜੇਲ੍ਹਾਂ ਵਿਚੋਂ ਬਾਹਰ ਆਉਣਗੇ ਡੰਗ ਮਾਰਨਗੇ ਹੀ ਮਾਰਨਗੇ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੂੰ ਸੱਪ ਵਾਂਗ ਕੁਚਲ ਕੇ ਰੱਖਣਾ ਚਾਹੀਦਾ ਹੈ। ਇਹ ਕਦੇ ਵੀ ਕਿਸੇ ਨੂੰ ਵੀ ਡੰਗ ਮਾਰ ਸਕਦੇ ਹਨ। ਅਕਾਲੀਆਂ ਨੂੰ ਇਨ੍ਹਾਂ ਬਾਰੇ ਹੁਣ ਪਤਾ ਲੱਗਾ ਜਦੋਂ ਸੁਖਬੀਰ ਬਾਦਲ 'ਤੇ ਹਮਲਾ ਹੋਇਆ। ਬਿੱਟੂ ਨੇ ਕਿਹਾ ਕਿ ਨਰਾਇਣ ਸਿੰਘ ਚੌੜਾ ਬੇਅੰਤ ਸਿੰਘ ਕੇਸ ਵਿਚ ਵੀ ਸ਼ਾਮਲ ਸੀ, ਇਸ ਲਈ ਉਹ ਮੈਨੂੰ ਮਾਰਨ ਦੀ ਵੀ ਕੋਸ਼ਿਸ਼ ਕਰਦਾ ਰਿਹਾ। ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿੰਦੇ ਰਹੇ ਹਨ ਕਿ ਇਹ ਲੋਕ ਅਤਿਵਾਦੀ ਹਨ ਤੇ ਅੱਜ ਉਨ੍ਹਾਂ ਦੀ ਗੱਲ ਸੱਚ ਸਾਬਿਤ ਹੋਈ ਹੈ।