ਐੱਮ.ਪੀ. ਮੀਤ ਹੇਅਰ ਨੇ ਬਲੱਡ ਬੈਂਕ ’ਚ ਨਵੀਂ ਮਸ਼ੀਨ ਦਾ ਕੀਤਾ ਉਦਘਾਟਨ

ਐੱਮ.ਪੀ. ਮੀਤ ਹੇਅਰ ਨੇ ਬਲੱਡ ਬੈਂਕ ’ਚ ਨਵੀਂ ਮਸ਼ੀਨ ਦਾ ਕੀਤਾ ਉਦਘਾਟਨ

ਬਰਨਾਲਾ : ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਸਿਵਲ ਹਸਪਤਾਲ ਬਰਨਾਲਾ ਦੇ ਜੱਚਾ ਬੱਚਾ ਵਾਰਡ ’ਚ ਸਥਿਤ ਬਲੱਡ ਬੈਂਕ ’ਚ ਪਲੇਟਲੈਟ ਐਜੀਟੇਟਰ ਮਸ਼ੀਨ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ।

 ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਬਲਦੇਵ ਸਿੰਘ, ਐੱਸ.ਐੱਮ.ਓ. ਡਾ. ਤਪਿੰਦਰਜੋਤ ਕੌਸ਼ਲ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ, ਟ੍ਰਾਈਡੈਂਟ ਗਰੁੱਪ ਦੇ ਅਧਿਕਾਰੀ ਪਵਨ ਸਿੰਗਲਾ ਤੇ ਸਿਵਲ ਹਸਪਤਾਲ ਦੇ ਅਧਿਕਾਰੀ ਰਸਵਿੰਦਰ ਸਿੰਘ ਹਨੀ ਚਾਹਲ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਸਿਵਲ ਹਸਪਤਾਲ ਬਰਨਾਲਾ ’ਚ ਰੋਜ਼ਾਨਾ ਵੱਡੀ ਗਿਣਤੀ ’ਚ ਮਰੀਜ਼ ਆਉਂਦੇ ਹਨ। 

ਸਿਵਲ ਹਸਪਤਾਲ ’ਚ ਇਸ ਮਸ਼ੀਨ ਦੀ ਸਹੂਲਤ ਨਾਲ ਐਂਮਰਜੈਂਸੀ ਸਮੇਂ ਅਨੇਕਾਂ ਮਰੀਜ਼ਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਭਰ ’ਚ ਸਿਹਤ ਤੇ ਸਿੱਖਿਆ ਵੱਖ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਕਿਸੇ ਨੂੰ ਵੀ ਇੰਨ੍ਹਾਂ ਸਹੂਲਤਾਂ ਦੀ ਘਾਟ ਕਾਰਨ ਕੋਈ ਮੁਸ਼ਕਿਲ ਪੇਸ਼ ਨਾ ਆਵੇ। 

ਉਨ੍ਹਾਂ ਕਿਹਾ ਕਿ ਬਰਨਾਲਾ ਨਿਵਾਸੀਆਂ ਨੂੰ ਸਿਵਲ ਹਸਪਤਾਲ ’ਚ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ, ਇਸ ਲਈ ਉਹ ਹਮੇਸ਼ਾ ਵਚਨਬੱਧ ਹਨ। ਮੀਤ ਹੇਅਰ ਵਲੋਂ ਇਸ ਸਮੇਂ ਸਿਵਲ ਹਸਪਤਾਲ ਬਰਨਾਲਾ ਦੀ ਨਵੀਂ ਬਣ ਰਹੀ ਇਮਾਰਤ ਦਾ ਵੀ ਨਿਰੀਖਣ ਕੀਤਾ ਗਿਆ ਤੇ ਚੱਲ ਰਹੇ ਕੰਮਾਂ ’ਤੇ ਤਸੱਲੀ ਪ੍ਰਗਟਾਈ ਗਈ। ਇਸ ਸਮੇਂ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਮੈਂਬਰ ਪਾਰਲੀਮੈਂਟ ਮੀਤ ਹੇਅਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ ਗਿਆ।