ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜਿੱਤੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਫ੍ਰੀ ਸਟਾਇਲ ਕੁਸ਼ਤੀ ਚੈਂਪੀਅਨਸ਼ਿਪ
- ਪੰਜਾਬ
- 09 Jan,2025

ਬਠਿੰਡਾ : ਹਰ ਰੋਜ਼ ਖੇਡਾਂ ਦੇ ਖੇਤਰ ਵਿਚ ਨਵੀਆਂ ਮੱਲ੍ਹਾਂ ਮਾਰ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਗੁਰਲਾਭ ਸਿੰਘ ਸਿੱਧੂ ਚਾਂਸਲਰ ਤੇ ਸੁਖਰਾਜ ਸਿੰਘ ਸਿੱਧੂ ਮੈਨੇਜ਼ਿੰਗ ਡਾਇਰੈਕਟਰ ਦੇ ਮਾਰਗ ਦਰਸ਼ਨ ਹੇਠ ਆਲ ਇੰਡੀਆ ਇੰਟਰ ਯੂਨੀਵਰਸਿਟੀ ਫ੍ਰੀ ਸਟਾਇਲ ਕੁਸ਼ਤੀ ਚੈਂਪੀਅਨਸ਼ਿਪ 2024-25 (ਲੜਕਿਆਂ) ਜਿੱਤ ਕੇ ਨਵਾਂ ਇਤਿਹਾਸ ਰਚਿਆ। ਇਸ ਮੌਕੇ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਡਾ. ਇੰਦਰਜੀਤ ਸਿੰਘ ਉਪ ਕੁਲਪਤੀ ਨੇ ਇਸ ਸ਼ਾਨਾਮੱਤੀ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਵਰਸਿਟੀ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਸਹਿਯੋਗ, ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਦੀ ਯੋਗ ਅਗਵਾਈ, ਕੋਚ ਸਾਹਿਬਾਨ ਦੀ ਅਣਥੱਕ ਮਿਹਨਤ, ਖਿਡਾਰੀਆਂ ਦੇ ਸਮਰਪਣ ਅਤੇ ਸਭਨਾਂ ਦੀਆਂ ਸ਼ੁੱਭਇੱਛਾਵਾਂ ਸਦਕਾ ਹੋਇਆ ਹੈ। ਉਨ੍ਹਾਂ ਖਿਡਾਰੀਆਂ ਨੂੰ ਆਪਣੇ ਖੇਡ ਕੋਸ਼ਲ ਨੂੰ ਨਿਖਾਰਨ ਲਈ ਆਧੁਨਿਕ ਤਕਨੀਕ ਅਤੇ ਵਿਗਿਆਨਕ ਵਿਧੀ ਅਨੁਸਾਰ ਸਰੀਰਕ ਤੰਦਰੁਸਤੀ ਬਰਕਰਾਰ ਰੱਖਣ ਲਈ ਕਿਹਾ। ਉਨ੍ਹਾਂ ਖਿਡਾਰੀਆਂ ਨੂੰ ਖੇਡ ਮਾਹਿਰਾਂ ਅਨੁਸਾਰ ਖੁਰਾਕ ਲੈਣ ਦੀ ਸਲਾਹ ਵੀ ਦਿੱਤੀ। ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀਆਂ ਉਨ੍ਹਾਂ ਦੀ ਆਖਰੀ ਮੰਜ਼ਿਲ ਨਹੀਂ ਕਿਉਂਕਿ ਦੇਸ਼ ਨੂੰ ਉੱਭਰ ਰਹੇ ਨੌਜਵਾਨ ਪਹਿਲਵਾਨਾਂ ਤੋਂ ਬਹੁਤ ਉਮੀਦਾਂ ਹਨ, ਇਸ ਲਈ ਉਨ੍ਹਾਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨੇ ਚਾਹੀਦੇ ਹਨ। ਉਨ੍ਹਾਂ ’ਵਰਸਿਟੀ ਵੱਲੋਂ ਆਲ ਇੰਡੀਆ ਐਸੋਸੀਏਸ਼ਨ ਆਫ਼ ਯੂਨੀਵਰਸਿਟੀਜ਼ ਦੇ ਸਮੂਹ ਅਧਿਕਾਰੀਆਂ, ਬਾਹਰੋ ਆਏ ਮੈਨੇਜਰ, ਕੋਚ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਅਤੇ ਇਸ ਤਰ੍ਹਾਂ ਦੇ ਹੋਰ ਵੱਡੇ ਆਯੋਜਨਾਂ ਲਈ ਹਾਮੀ ਭਰੀ। ਚੈਂਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸ਼ਰਮਾ ਨੇ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਹਿਲਵਾਨਾਂ ਨੇ ਕ੍ਰਮਵਾਰ 57 ਕਿੱਲੋ ਭਾਰ ਵਰਗ ਵਿਚ ਸਾਗਰ ਨੇ ਸ਼ੁਭਮ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ ਨੂੰ ਹਰਾ ਕੇ, 74 ਕਿੱਲੋਂ ਭਾਰ ਵਰਗ ਵਿਚ ਦੀਪਕ ਨੇ ਅਮਿਤ ਰਾਸ਼ਟਰ ਸੰਤ ਤੁਕਾ ਜੀ ਮਹਾਰਾਜ ਯੂਨੀਵਰਸਿਟੀ ਨਾਗਪੁਰ, 79 ਕਿੱਲੋ ਭਾਰ ਵਰਗ ਵਿਚ ਪਰਵਿੰਦਰ ਨੇ ਪੁਨੀਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ, 86 ਕਿੱਲੋ ਭਾਰ ਵਰਗ ਵਿਚ ਮੇਹਰ ਸਿੰਘ ਨੇ ਵਿਵੇਕ ਰਾਠੀ ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ ਜੀਂਦ, 92 ਕਿੱਲੋ ਭਾਰ ਵਰਗ ਵਿੱਚ ਸਚਿਨ ਨੇ ਉਮੇਦ ਦਾਹੀਆ ਲੈਮਰੀਨ ਯੂਨੀਵਰਸਿਟੀ ਪੰਜਾਬ ਨੂੰ ਹਰਾ ਕੇ 5 ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ ਵਰਸਿਟੀ ਦੇ ਪਹਿਲਵਾਨਾਂ ਨੇ 2 ਚਾਂਦੀ ਅਤੇ 2 ਕਾਂਸੇ ਦੇ ਤਗਮੇ ਜੀਕੇਯੂ ਦੀ ਝੋਲੀ ਪਾਏ। ਕੁੱਲ 185 ਅੰਕਾਂ ਨਾਲ ਜੀਕੇਯੂ ਚੈਂਪੀਅਨ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ 128 ਅੰਕਾਂ ਨਾਲ ਰਨਰ ਅੱਪ ਤੇ ਮਹਾਂ ਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ 48 ਅੰਕਾਂ ਨਾਲ ਸੈਕਿੰਡ ਰਨਰ ਅੱਪ ਰਹੀ। ਵਰਿਸਿਟੀ ਦੇ 57 ਕਿੱਲੋ ਭਾਰ ਵਰਗ ਦੇ ਪਹਿਲਵਾਨ ਸਾਗਰ ਅਤੇ 74 ਕਿੱਲੋ ਭਾਰ ਵਰਗ ਦੇ ਦੀਪਕ ਨੂੰ ਬੈਸਟ ਪਹਿਲਵਾਨ ਐਲਾਨਿਆ ਗਿਆ। ਡਾ. ਬਲਵਿੰਦਰ ਕੁਮਾਰ ਸ਼ਰਮਾ ਡੀਨ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 45 ਦਿਨਾਂ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਵਿਚ ਜੀਕੇਯੂ ਨੇ ਤੀਸਰੀ ਚੈਂਪੀਅਨਸ਼ਿਪ ਜਿੱਤੀ ਤੇ ਹੈਟਰਿਕ ਬਣਾ ਕੇ ਖੇਡਾਂ ਦੇ ਖੇਤਰ ਵਿਚ ਇਤਿਹਾਸ ਸਿਰਜਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫਰਵਰੀ ਤੱਕ ਚੱਲਣ ਵਾਲੇ ਇਸ ਖੇਡ ਆਯੋਜਨ ਵਿਚ ਭਾਰਤ ਦੇ ਲਗਭਗ 16000 ਖਿਡਾਰੀ ਸ਼ਿਰਕਤ ਕਰਨਗੇ।
Posted By:

Leave a Reply