ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਦੋਦਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਸੂਬਾ ਕਮੇਟੀ ਦੇ ਸੱਦੇ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਰੇਲ ਰੋਕੂ ਪ੍ਰੋਗਰਾਮ ਨਾਲ਼ ਤਾਲਮੇਲ ਵਾਂ ਸ਼ੰਭੂ ਖਨੌਰੀ ਬਾਰਡਰ ਦੇ ਕਿਸਾਨਾਂ ’ਤੇ ਜ਼ਬਰ ਅਤੇ ਖੇਤੀ ਮੰਡੀਕਰਨ ਡ੍ਰਾਫਟ ਖਰੜੇ ਖ਼ਿਲਾਫ਼ ਮੋਟਰਸਾਈਕਲ ਮਾਰਚ ਪਿੰਡ ਕੋਟਲੀ ਅਬਲੂ ਤੋਂ ਸ਼ੁਰੂ ਕਰਕੇ ਮੱਲਣ, ਧੂਲਕੋਟ, ਬੁੱਟਰ ਸਰੀਂਹ, ਭਲਾਈਆਣਾ, ਛੱਤਿਆਣਾ, ਸੁਖ਼ਨਾ, ਦੋਦਾ ਤੱਕ ਰੋਸ ਰੈਲੀਆਂ ਤੇ ਮਾਰਚ ਕੱਢਿਆ ਗਿਆ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਸਹਾਇਕ ਸਕੱਤਰ ਅਤੇ ਬਲਾਕ ਗਿੱਦੜਬਾਹਾ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਤੇ ਭੁੱਖ ਹੜਤਾਲ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਅੱਜ ਤੱਕ ਬਾਰਡਰਾਂ ’ਤੇ ਕੋਈ ਸਾਰ ਨਹੀਂ ਲਈ ਨਾ ਮੰਗਾਂ ਲਾਗੂ ਕਰਵਾਉਣ ਲਈ ਕੋਈ ਉਪਰਾਲਾ ਕੀਤਾ। ਉਨ੍ਹਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਤਿੰਨ ਸਾਲ ਪਹਿਲਾਂ ਦਿੱਲੀ ਬਾਰਡਰਾਂ ’ਤੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਭਾਵੇਂ ਵਾਪਸ ਲੈ ਲਿਆ ਸੀ ਪਰ ਰਹਿੰਦੀਆਂ ਮੰਗਾਂ ’ਤੇ ਲਿਖ਼ਤੀ ਸਮਝੌਤਾ ਕੀਤਾ ਗਿਆ ਸੀ ਪਰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਵਿੱਚ ਸਾਰੀਆਂ ਫਸਲਾਂ ’ਤੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ, ਡਾ. ਸੁਆਮੀ ਨਾਥਨ ਰੀਪੋਰਟ ਸੀ 2 50% ਫਾਰਮੂਲੇ ਤਹਿਤ ਦੇਣ, ਲਖਮੀਰ ਪੁਰ ਖੀਰੀ ਯੂਪੀ ਦੀ ਘਟਨਾ ਦੇ ਅਸਲ ਮੁਲਜ਼ਮ ਗ੍ਰਹਿ ਮੰਤਰੀ ਅਜੈ ਮਿਸ਼ਰਾ ਤੇ ਉਸਦੇ ਲੜਕੇ ਅਸ਼ੀਸ਼ ਮਿਸ਼ਰਾ ਨੂੰ ਅਹੁਦੇ ਤੋਂ ਬਰਖਾਸਤ ਕਰਕੇ ਜੇਲ ਭੇਜਣ ਕਿਸਾਨਾਂ ’ਤੇ ਪਾਏ ਝੂਠੇ ਪੁਲਿਸ ਕੇਸ ਵਾਪਸ ਲੈਣ, ਬਿਜਲੀ ਐਕਟ 2022 ਰੱਦ ਕਰਨ ਸਾਰੇ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ’ਤੇ ਦਰਜ਼ ਕੀਤੇ ਪੁਲਿਸ ਕੇਸ ਰੱਦ ਕਰਨ, ਕਿਸਾਨਾਂ ਮਜ਼ਦੂਰਾਂ ਦੇ ਕਰਜੇ ਖਤਮ ਕਰਨ, ਫ਼ਸਲੀ ਬੀਮਾ ਯੋਜਨਾ ਸਰਕਾਰੀ ਖਰਚੇ ’ਤੇ ਲਾਗੂ ਕਰਨ, 60 ਸਾਲ ਉਮਰ ਦੇ ਕਿਰਤੀ ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਆਦਿ ਤੋਂ ਇਲਾਵਾ ਸ਼ੰਭੂ ਖਨੌਰੀ ਬਾਰਡਰ ਦੇ ਕਿਸਾਨਾਂ ’ਤੇ ਜ਼ਬਰ ਦਿੱਲੀ ਜਾਣ ਤੋਂ ਜਮਹੂਰੀ ਅਧਿਕਾਰ ਖੋਹਣ, ਕੇਂਦਰ ਸਰਕਾਰ ਵੱਲੋਂ ਚੋਰ ਦਰਵਾਜ਼ੇ ਰਾਹੀਂ ਖੇਤੀ ਮੰਡੀਕਰਨ ਡ੍ਰਾਫਟ ਖਰੜਾ ਜੋ ਰਾਜ ਸਰਕਾਰਾਂ ਨੂੰ ਭੇਜਿਆ ਗਿਆ ਹੈ ਤਰੁੰਤ ਵਾਪਸ ਕਰਵਾਉਣ ਆਦਿ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 23 ਦਸੰਬਰ ਨੂੰ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਰੋਸ ਧਰਨੇ ਮੁਜ਼ਾਹਰੇ ਨੂੰ ਲਾਗੂ ਵੀ ਕੀਤਾ ਜਾਵੇਗਾ। ਇਸ ਮੌਕੇ ਗਿੱਦੜਬਾਹਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਅਜ਼ੈਬ ਸਿੰਘ ਮੱਲਣ, ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ, ਕਾਲਾ ਸਿੰਘ ਧੂਲਕੋਟ, ਸਾਧੂ ਸਿੰਘ ਛੱਤਿਆਣਾ, ਗੁਰਮੇਲ ਸਿੰਘ ਸੁਖ਼ਨਾ, ਰਣਜੀਤ ਸਿੰਘ ਬੁੱਟਰ ਬਖੂਹਾ, ਜਸਵੀਰ ਸਿੰਘ ਪੱਪਲਾ, ਮਲਕੀਤ ਸਿੰਘ ਦੋਦਾ, ਨਾਰ ਸਿੰਘ, ਲਾਭ ਸਿੰਘ ਦੌਲਾ, ਗੁਰਦੀਪ ਸਿੰਘ, ਜਗਸੀਰ ਸਿੰਘ ਖਾਲਸਾ, ਮੱਘਰ ਸਿੰਘ ਕੋਟਲੀ, ਅੰਗਰੇਜ਼ ਸਿੰਘ ਫ਼ੌਜੀ, ਬੂਟਾ ਸਿੰਘ ਮੱਲਣ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਰਾਜਾ ਸਿੰਘ ਖੂਨਣ ਖ਼ੁਰਦ, ਬਾਜ਼ ਸਿੰਘ ਭੁੱਟੀਵਾਲਾ ਆਦਿ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰ ਹਾਜ਼ਰ ਸਨ।