ਬਠਿੰਡਾ 'ਚ ਡੇਰੇ ਦੇ ਮੁੱਖ ਸੇਵਾਦਾਰ ਦਾ ਕਤਲ, ਕੁੱਝ ਦਿਨ ਪਹਿਲਾਂ ਡੇਰੇ ’ਚੋਂ ਕੀਤਾ ਸੀ ਅਗਵਾ; ਇਹ ਸੀ ਪੂਰਾ ਕਾਰਨ
- ਪੰਜਾਬ
- 22 Jan,2025

ਗੋਨਿਆਣਾ : ਥਾਣਾ ਨੇਹੀਆਂ ਵਾਲਾ ਦੇ ਅਧੀਨ ਆਉਂਦੇ ਪਿੰਡ ਦਾਨ ਸਿੰਘ ਵਾਲਾ ਦੇ ਡੇਰਾ ਬਾਬਾ ਭਗਤ ਰਾਮ ਦੇ ਮੁੱਖ ਸੇਵਾਦਾਰ ਬਾਬਾ ਬਖਤੌਰ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕ ਬਖਤੌਰ ਸਿੰਘ ਦੇ ਭਰਾ ਪੂਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਚਾਰ ਫ਼ਰਾਰ ਚੱਲ ਰਹੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਡੀਐੱਸਪੀ ਭੁੱਚੋ ਰਵਿੰਦਰ ਸਿੰਘ ਰੰਧਾਵਾ ਅਤੇ ਜਸਵਿੰਦਰ ਕੌਰ ਮੁੱਖ ਅਫਸਰ ਥਾਣਾ ਨੇਹੀਆਂ ਵਾਲਾ ਨੇ ਦੱਸਿਆ ਕਿ 23 ਦਸੰਬਰ ਨੂੰ ਬਖ਼ਤੌਰ ਸਿੰਘ ਪੁੱਤਰ ਉਜਾਗਰ ਸਿੰਘ ਅਚਾਨਕ ਡੇਰੇ ਵਿੱਚੋਂ ਲਾਪਤਾ ਹੋ ਗਿਆ ਸੀ। ਉਹ ਕਈ ਦਿਨ ਵਾਪਸ ਨਹੀਂ ਆਇਆ। ਪੁਲਿਸ ਨੇ ਉਕਤ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੂੰ ਮੁਢਲੀ ਜਾਂਚ ਦੁਬਾਰਾ ਪਤਾ ਲੱਗਿਆ ਕਿ ਗੁਰਪ੍ਰੀਤ ਕੌਰ ਨੇ ਬਖਤੌਰ ਸਿੰਘ ਤੋਂ ਆਪਣੀ ਲੜਕੀ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ 7 ਲੱਖ ਰੁਪਏ ਲਏ ਸਨ। ਜਦੋਂ ਪੁਲਿਸ ਨੇ ਉਕਤ ਤੋਂ ਗੰਭੀਰਤਾ ਨਾਲ ਪੁਛਗਿੱਛ ਕੀਤੀ ਤਾਂ ਮਾਮਲਾ ਸਾਹਮਣੇ ਆਇਆ ਕਿ ਗੁਰਪ੍ਰੀਤ ਕੌਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਖਤੌਰ ਸਿੰਘ ਨੂੰ ਅਗਵਾ ਕਰ ਲਿਆ ਸੀ।ਉਸ ਨੇ ਅਗਵਾ ਕਰਨ ਤੋਂ ਬਾਅਦ ਬਖਤੌਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਬਾਅਦ ਵਿਚ ਇਸ ਦੀ ਲਾਸ਼ ਨੂੰ ਬਠਿੰਡਾ ਨਹਿਰ ਵਿੱਚ ਸੁੱਟ ਦਿੱਤਾ ਗਿਆ। ਉਨ੍ਹਾਂ ਦੱਸਿਆ ਇਸ ਦੀ ਲਾਸ਼ ਥਾਣਾ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖੇਤਰ ਵਿੱਚੋਂ ਬਰਾਮਦ ਹੋਈ ਸੀ ਜੋ ਕਿ ਉਥੋਂ ਦੀ ਪੁਲਿਸ ਨੇ ਸ਼ਨਾਖਤ ਲਈ ਰੱਖ ਕੇ ਬਾਅਦ ਵਿੱਚ ਇਸ ਦਾ ਸਸਕਾਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਲਾਸ਼ ਨੂੰ ਨਹਿਰ ਵਿਚ ਸੁੱਟਣ ਤੋਂ ਬਾਅਦ ਉਕਤ ਮੁਲਜ਼ਮ ਆਪਣਾ ਸਾਰਾ ਸਾਮਾਨ ਚੁੱਕ ਕੇ ਖਰੜ ਭੱਜ ਗਏ। ਪੁਲਿਸ ਨੇ ਬੀਤੇ ਦਿਨ ਉਕਤ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕਰਕੇ ਅਦਾਲਤ ਤੋਂ ਰਿਮਾਂਡ ਹਾਸਲ ਕਰ ਲਿਆ। ਉਨ੍ਹਾਂ ਦੱਸਿਆ ਸਿਕੰਦਰ ਸਿੰਘ ਉਰਫ ਚਿੱਟੀ ਪੁੱਤਰ ਗੁਰਮੇਲ ਸਿੰਘ ਵਾਸੀ ਸੰਗਤ ਨੂੰ 12 ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਸੀ।ਗੁਰਪ੍ਰੀਤ ਕੌਰ ਦੇ ਨਾਲ ਰਮਨਦੀਪ ਸਿੰਘ ਉਰਫ ਰਮਨ ਪੁਤਰ ਹਰਜਿੰਦਰ ਸਿੰਘ ਵਾਸੀ ਗੋਪਾਲ ਨਗਰ ਬਠਿੰਡਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਜੋਰਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸੰਗਤ ,ਅਮਰਜੀਤ ਕੁਮਾਰ ਉਰਫ ਪਵਨ ਪੁੱਤਰ ਰਮੇਸ਼ ਕੁਮਾਰ ਵਾਸੀ ਪਰਸਰਾਮ ਨਗਰ ਬਠਿੰਡਾ ,ਰਜੀਆ ਪੁੱਤਰੀ ਮੇਜਰ ਸਿੰਘ ਵਾਸੀ ਦਸ਼ਮੇਸ਼ ਨਗਰ ਗਿੱਦੜਬਾਹਾ ਅਤੇ ਅਵਤਾਰ ਸਿੰਘ ਨੂੰ ਕਾਬੂ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
Posted By:

Leave a Reply