ਚੱਬੇਵਾਲ - ਪੰਥ ਰਤਨ ਜਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲ਼ਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ / ਸਕੂਲ ਚੱਬੇਵਾਲ ਵਿਖੇ ਪ੍ਰਿੰਸੀਪਲ ਡਾ: ਮਨਜੀਤ ਕੌਰ ਦੀ ਅਗਵਾਈ ਵਿੱਚ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਮੂਹ ਸਟਾਫ ਅਤੇ ਵਿਦਿਆਰਥਣਾਂ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ, ਉਪਰੰਤ ਕੀਰਤਨ ਅਤੇ ਕਥਾ ਵਿਚਾਰ ਕੀਤੇ ਗਏ। ਮੈਡਮ ਕਿਰਨ ਵੱਲੋਂ ਸਕੂਲ/ ਕਾਲਜ ਦੀਆਂ ਬੱਚੀਆਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ:ਮਨਜੀਤ ਕੌਰ ਨੇ ਦੱਸਿਆ ਕਿ ਸਾਕਾ ਸਰਹਿੰਦ ਲੂੰ ਕੰਡੇ ਖੜੇ ਕਰ ਦੇਣ ਵਾਲੀ ਦਾਸਤਾਨ ਹੈ, ਜਿਸ ਚ ਨਿੱਕੀਆਂ ਤੇ ਮਾਸੂਮ ਜਿੰਦਾ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਸਿੱਖ ਧਰਮ ਦੀ ਨੀਂਹ ਪੱਕੀ ਕੀਤੀ। ਉਹਨਾਂ ਕਿਹਾ ਕਿ ਸਿੱਖ ਧਰਮ ਦੀ ਬੁਨਿਆਦ ਹੀ ਸ਼ਹੀਦੀਆਂ ’ਤੇ ਰੱਖੀ ਗਈ ਹੈ। ਉਹਨਾਂ ਨੇ ਦਸ਼ਮੇਸ਼ ਪਿਤਾ ਦੁਆਰਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਤੋਂ ਲੈ ਕੇ ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਗੜੀ ਵਿਖੇ ਸ਼ਹੀਦੀ, ਸਰਸਾ ਨਦੀ ਦਾ ਤੂਫਾਨ, ਪਰਿਵਾਰ ਵਿਛੋੜਾ, ਗੰਗੂ ਦੁਆਰਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਿੰਡ ਖੇੜੀ ਲੈ ਕੇ ਜਾਣਾ, ਕੁੰਮੇ ਮਾਸ਼ਕੀ ਦਾ ਜ਼ਿਕਰ, ਗੰਗੂ ਦਾ ਬੇਈਮਾਨ ਹੋਣਾ, ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਹਿਰਾਸਤ ਚ ਰੱਖਣਾ ਤੇ ਫਿਰ ਸਰਹਿੰਦ ਪਹੁੰਚਾਉਣ ਤੇ ਸ਼ਹਾਦਤ ਲਈ ਮਜਬੂਰ ਕਰਨ ਤੱਕ ਦਾ ਸਾਕਾ ਅਤਿਅੰਤ ਵਿਸਥਾਰਪੂਰਵਕ ਦੱਸਿਆ। ਉਹਨਾਂ ਠੰਡੇ ਬੁਰਜ ਦਾ ਜ਼ਿਕਰ ਵੀ ਕੀਤਾ ਤੇ ਮੋਤੀ ਰਾਮ ਮਹਿਰਾ ਦੀ ਦੁੱਧ ਦੀ ਸੇਵਾ ਬਾਰੇ ਵੀ ਦੱਸਿਆ ਤੇ ਤਿੰਨ ਦਿਨਾਂ ਦੇ ਤਸੀਹਿਆਂ ਤੋਂ ਬਾਅਦ ਕਾਜ਼ੀ ਦੁਆਰਾ ਫ਼ਤਵਾ ਦੇਣ ਤੇ ਜਿਉਂਦੇ ਨੀਹਾਂ ਵਿੱਚ ਚਿਣਨ ਦੀ ਸੰਪੂਰਨ ਘਟਨਾ ਬਾਰੇ ਦੱਸਿਆ ਅਤੇ ਕਿਹਾ ਕਿ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਅੰਤ ਉਹਨਾਂ ਕਿਹਾ ਕਿ ਦਸ਼ਮੇਸ਼ ਪਿਤਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਕੌਮ ਦੀ ਖਾਤਿਰ ਆਪਣਾ ਸਰਬੰਸ ਵਾਰ ਦਿੱਤਾ। ਕੁਰਬਾਨੀਆਂ ਦੀ ਅਜਿਹੀ ਮਿਸਾਲ ਹੋਰ ਕਿਤੇ ਨਜ਼ਰ ਨਹੀਂ ਆਉਂਦੀ। ਇਸ ਮੌਕੇ ਪ੍ਰੋਫੈਸਰ ਨੀਲਮ ਸ਼ਰਮਾ ਜੀ ਨੇ ਮੰਚ ਸੰਚਾਲਨ ਦੀ ਭੂਮਿਕਾ ਬਖ਼ੂਬੀ ਨਿਭਾਈ।
Leave a Reply