ਭਾਰਤ ਨੇ ਪਾਕਿਸਤਾਨ ਦੇ ਕਈ ਹਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਮ ਕੀਤਾ; ਫੌਜ ਨੇ ਦਿੱਤਾ ਸਖ਼ਤ ਜਵਾਬ
- ਰਾਸ਼ਟਰੀ
- 09 May,2025

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਟਕਰਾਅ ਦੇ ਵਿਚਕਾਰ ਭਾਰਤੀ ਫੌਜ ਨੇ ਸ਼ੁੱਕਰਵਾਰ ਸਵੇਰੇ ਕਿਹਾ ਕਿ 8-9 ਮਈ ਦੀ ਰਾਤ ਨੂੰ ਪਾਕਿਸਤਾਨੀ ਹਥਿਆਰਬੰਦ ਫੌਜਾਂ ਵੱਲੋਂ ਭਾਰਤੀ ਖੇਤਰ ’ਤੇ ਕੀਤੇ ਗਏ, ਜਿਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਮ ਕੀਤਾ ਗਿਆ ਅਤੇ ਢੁਕਵਾਂ ਜਵਾਬ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਪਾਕਿਸਤਾਨ ਨੇ 8 ਅਤੇ 9 ਮਈ ਦੀ ਦਰਮਿਆਨੀ ਰਾਤ ਨੂੰ ਪੂਰੀ ਪੱਛਮੀ ਸਰਹੱਦ ’ਤੇ ਡਰੋਨ ਅਤੇ ਹੋਰ ਗੋਲਾ ਬਾਰੂਦ ਦੀ ਵਰਤੋਂ ਕਰਕੇ ਕਈ ਹਮਲੇ ਕੀਤੇ। ਇਸ ਦੌਰਾਨ ਪਾਕਿਸਤਾਨੀ ਫੌਜਾਂ ਨੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ-ਨਾਲ ਕਈ ਜੰਗਬੰਦੀ ਉਲੰਘਣਾ(CFVs) ਵੀ ਕੀਤੀ।
ਭਾਰਤੀ ਫੌਜ ਨੇ ‘ਐਕਸ’ ’ਤੇ ਕਿਹਾ, ‘‘ਡਰੋਨ ਹਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਮ ਕਰਦਿਆਂ CFVs ਨੂੰ ਢੁਕਵਾਂ ਜਵਾਬ ਦਿੱਤਾ ਗਿਆ। ਅਸੀਂ ਰਾਸ਼ਟਰ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਵਚਨਬੱਧ ਹਾਂ। ਸਾਰੇ ਨਾਪਾਕ ਮਨਸੂਬਿਆਂ ਦਾ ਜ਼ੋਰਦਾਰ ਜਵਾਬ ਦਿੱਤਾ ਜਾਵੇਗਾ।’’ ਇਸ ਤੋਂ ਇਲਾਵਾ ਪਾਕਿਸਤਾਨ ਨੇ ਵੀਰਵਾਰ ਰਾਤ ਨੂੰ ਭਾਰਤ ਨਾਲ ਫੌਜੀ ਝੜਪ ਨੂੰ ਵੀ ਤੇਜ਼ ਕਰ ਦਿੱਤਾ, ਸਪੱਸ਼ਟ ਤੌਰ ’ਤੇ ਟਕਰਾਅ ਨੂੰ ਵਧਾਉਣ ਦੀ ਧਮਕੀ ਦਿੱਤੀ ਅਤੇ ਇਹ ਹਮਲੇ ਸ਼ੁੱਕਰਵਾਰ ਤੜਕੇ ਤੱਕ ਜਾਰੀ ਰਹੇ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਉੱਤਰੀ ਭਾਰਤ ਅਤੇ ਪੱਛਮੀ ਭਾਰਤ ਵਿਚ ਕਈ ਥਾਵਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨਾਕਾਮ ਕਰਦਿਆਂ ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ ਹੈ। ਹਾਲਾਂਕਿ ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।
ਵੀਰਵਾਰ ਰਾਤ ਨੂੰ ਚੀਫ਼ ਆਫ਼ ਡਿਫੈਂਸ ਸਟਾਫ਼ ਦੇ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕੀਤਾ, ‘‘ਜੰਮੂ ਅਤੇ ਕਸ਼ਮੀਰ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਜੰਮੂ, ਪਠਾਨਕੋਟ ਅਤੇ ਊਧਮਪੁਰ ਦੇ ਫੌਜੀ ਸਟੇਸ਼ਨਾਂ ਨੂੰ ਪਾਕਿਸਤਾਨ ਨੇ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਨਿਸ਼ਾਨਾ ਬਣਾਇਆ, ਹਾਲਾਂਕਿ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ। ਭਾਰਤੀ ਹਥਿਆਰਬੰਦ ਬਲਾਂ ਨੇ ਗਤੀਸ਼ੀਲ ਅਤੇ ਗੈਰ-ਗਤੀਸ਼ੀਲ ਸਾਧਨਾਂ ਦੀ ਵਰਤੋਂ ਕਰਕੇ ਇਸ ਖ਼ਤਰੇ ਨੂੰ ਬੇਅਸਰ ਕਰ ਦਿੱਤਾ।’’
ਰੱਖਿਆ ਸੂਤਰਾਂ ਨੇ ਕਿਹਾ ਸੀ ਕਿ ਸਤਵਾਰੀ, ਸਾਂਬਾ, ਆਰਐੱਸ ਪੁਰਾ ਅਤੇ ਅਰਨੀਆ ’ਤੇ ਨਿਰਦੇਸ਼ਿਤ ਪਾਕਿਸਤਾਨ ਤੋਂ ਅੱਠ ਮਿਜ਼ਾਈਲਾਂ ਨੂੰ ਏਕੀਕ੍ਰਿਤ ‘ਹਵਾਈ ਰੱਖਿਆ ਇਕਾਈਆਂ’ ਦੁਆਰਾ ਰੋਕਿਆ ਗਿਆ ਸੀ। ਸੂਤਰਾਂ ਨੇ ਕਿਹਾ ਕਿ ਜੰਮੂ ਦੇ ਦ੍ਰਿਸ਼ ਸਾਨੂੰ ਇਜ਼ਰਾਈਲ ’ਤੇ ‘ਹਮਾਸ’ ਸ਼ੈਲੀ ਦੇ ਹਮਲੇ ਦੀ ਯਾਦ ਦਿਵਾਉਂਦੇ ਹਨ। ਭਾਰਤੀ ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਹਮਾਸ ਦੀ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਨਾਲ ਹੋਈ ਮੀਟਿੰਗ ਬਾਰੇ ਵੀ ਸੂਚਿਤ ਕੀਤਾ ਹੈ।
ਉਧਰ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਬੀਤੀ ਰਾਤ ਕਿਹਾ ਸੀ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤੀ ਵਿਦੇਸ਼ ਮੰਤਰੀ ਐਸੱ ਜੈਸ਼ੰਕਰ ਨੂੰ ਫੋਨ ਕਰ ਕੇ ਤੁਰੰਤ ਤਣਾਅ ਘਟਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਰੂਬੀਓ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧੀ ਗੱਲਬਾਤ ਲਈ ਅਮਰੀਕੀ ਸਮਰਥਨ ਪ੍ਰਗਟ ਕੀਤਾ ਅਤੇ ਸੰਚਾਰ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਯਤਨਾਂ ਨੂੰ ਵਧਾਵਾ ਦਿੱਤਾ। ਮਾਰਕੋ ਰੂਬੀਓ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ ਨਾਲ ਵੀ ਗੱਲ ਕੀਤੀ ਅਤੇ ਤੁਰੰਤ ਤਣਾਅ ਘਟਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
#India #Pakistan #IndianArmy #DefenseResponse #NationalSecurity #Army #BorderSecurity #IndianMilitary #CounterAttack #DefenseStrategy
Posted By:

Leave a Reply