ਕਿਸਾਨ, ਮਜ਼ਦੂਰ, ਮੁਲਾਜ਼ਮ ਮਸਲ ਹੱਲ ਕਰਨ ’ਚ ਅਸਫਲ ਰਹੀਆਂ ਸਰਕਾਰਾਂ

ਕਿਸਾਨ, ਮਜ਼ਦੂਰ, ਮੁਲਾਜ਼ਮ ਮਸਲ ਹੱਲ ਕਰਨ ’ਚ ਅਸਫਲ ਰਹੀਆਂ ਸਰਕਾਰਾਂ

ਸ੍ਰੀ ਮੁਕਤਸਰ ਸਾਹਿਬ : ਪੰਜਾਬ ਰੋਡਵੇਜ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਸਾਂਝੇ ਤੌਰ ’ਤੇ ਬਿਆਨ ਜਾਰੀ ਕਰਦਿਆਂ ਸੰਸਥਾਪਕ ਕਮਲ ਕੁਮਾਰ, ਚੇਅਰਮੈਨ ਤਰਸੇਮ ਸਿੰਘ ਸਿੰਘ, ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਢਿੱਲੋਂ, ਸੀ. ਮੀਤ ਪ੍ਰਧਾਨ ਭੁਪਿੰਦਰ ਸੰਧੂ, ਜਰਨਲ ਸਕੱਤਰ ਗੁਰਸੇਵਕ ਸਿੰਘ, ਜੁਆਇੰਟ ਸਕੱਤਰ ਗੁਰਬਾਜ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ 30 ਦਸੰਬਰ ਨੂੰ ਪੰਜਾਬ ਬੰਦ ਕਰਨ ਸਮੇਤ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ ਉਸ ’ਚ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਡਟਕੇ ਹਿਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਕਿਸਾਨਾਂ ਵੱਲੋਂ ਰੱਖੇ ਸਮੇਂ ਮੁਤਾਬਿਕ 7 ਤੋਂ 4 ਵਜੇ ਦੌਰਾਨ ਬੇਸ਼ੱਕ ਪੂਰੇ ਦਿਨ ਦੀ ਹੜਤਾਲ ਸੰਭਵ ਵੀ ਨਹੀਂ ਹੈ ਅਤੇ ਉਹ ਲੋਕਾਂ ਨੂੰ ਵੀ ਤੰਗ ਨਹੀਂ ਕਰਨਾ ਚਾਹੁੰਦੇ, ਇਸ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ’ਚ ਪੂਰੇ ਪੰਜਾਬ ਅੰਦਰ 10 ਤੋਂ 2 ਵਜੇ ਤੱਕ ਮੁਕੰਮਲ ਤੌਰ ’ਤੇ ਬੱਸਾਂ ਦਾ ਚੱਕਾ ਜਾਮ ਕਰਨਗੇ ਅਤੇ ਕਿਸਾਨ ਜਥੇਬੰਦੀਆਂ ਦੇ ਜਿੱਥੇ ਵੀ ਧਰਨੇ-ਪ੍ਰਦਰਸ਼ਨ ਹੋਣਗੇ ਉਸ ’ਚ ਭਾਰੀ ਗਿਣਤੀ ’ਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਮੀਤ ਪ੍ਰਧਾਨ ਮਨਜੀਤ ਸਿੰਘ, ਸੀ.ਮੀਤ ਪ੍ਰਧਾਨ ਮਲਕੀਤ ਸਿੰਘ, ਕੈਸ਼ੀਅਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਨਾਲ ਧੱਕੇ ਕਰ ਰਹੀ ਹੈ ਉਥੇ ਹੀ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ। ਹਰ ਵਰਗ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਸਰਕਾਰੀ ਟਰਾਂਸਪੋਰਟ ’ਚ ਇੱਕ ਵੀ ਬੱਸ ਨਹੀਂ ਪਾਈ ਕਿਸੇ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਜਿਸਦੇ ਚੱਲਦਿਆਂ ਟਰਾਂਸਪੋਰਟ ਕਾਮਿਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ 6-7-8 ਜਨਵਰੀ ਨੂੰ ਹੜਤਾਲ ਕਰਕੇ ਤਿੱਖੇ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਲੋਕਾਂ ਨੂੰ ਲਾਮਬੰਦ ਹੋ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦੀ ਅਪੀਲ ਕੀਤੀ। ਜਰਨਲ ਸਕੱਤਰ ਗੁਰਸੇਵਕ ਨੇ ਬੋਲਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨ, ਮਜ਼ਦੂਰ, ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਕਰਨ ਤੋਂ ਪੂਰੀ ਤਰਾਂ ਫੇਲ੍ਹ ਸਾਬਤ ਹੋ ਚੁੱਕੀ ਹੈ ਕਿਉਂਕਿ ਲਗਾਤਾਰ ਇੱਕ ਸਾਲ ਤੋਂ ਕਿਸਾਨ ਬਾਡਰਾਂ ’ਤੇ ਰੁਲ ਰਹੇ ਹਨ ਅਤੇ ਮੁਲਾਜ਼ਮ ਧਰਨੇ ਮੁਜਾਹਰੇ ਕਰ ਰਹੇ ਹਨ। ਸਰਕਾਰਾਂ ਵੱਲੋਂ ਲਗਾਤਾਰ ਪੰਜਾਬ ਦੇ ਨੌਜਵਾਨ ਨਾਲ ਠੇਕੇ ’ਤੇ ਬਹੁਤ ਘੱਟ ਤਨਖਾਹਾਂ ’ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਪੜੇ ਲਿਖੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਬਜਾਏ ਵੱਡੇ ਪੱਧਰ ’ਤੇ ਪੰਜਾਬ ਦੇ ਵਿਰਾਸਤੀ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸਨੂੰ ਬਚਾਉਣ ਲਈ ਕਿਸਾਨ, ਮਜ਼ਦੂਰ, ਮੁਲਾਜਮ ਸੰਘਰਸ਼ ਕਰਨ ਲਈ ਮਜ਼ਬੂਰ ਹਨ। ਇਸ ਮੌਕੇ ਜੁਆਇੰਟ ਸਕੱਤਰ ਮਨਪ੍ਰੀਤ ਸਿੰਘ, ਇਕਬਾਲ ਸਿੰਘ, ਹਰਪ੍ਰੀਤ ਸਿੰਘ, ਜਗਸੀਰ ਸਿੰਘ, ਮਾਣਕ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਨਾਜੁਕ ਸਥਿਤੀ ’ਚ ਹੈ ਜਲਦੀ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ ਨਹੀ ਤਾਂ ਕਿਸਾਨ ਯੂਨੀਅਨ ਵੱਲੋਂ ਜਿੰਨੇ ਵੀ ਪ੍ਰੋਗਰਾਮ ਉਲੀਕੇ ਜਾਣਗੇ ਪੰਜਾਬ ਰੋਡਵੇਜ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਸਾਰੇ ਪ੍ਰੋਗਰਾਮ ’ਚ ਸ਼ਾਮਿਲ ਹੋਣ ਲਈ ਤਿਆਰ ਹੈ ਅਤੇ ਤਿੱਖੇ ਸੰਘਰਸ਼ ਕਰਨ ਲਈ ਪੂਰਾ ਪੰਜਾਬ ਅਤੇ ਭਾਰਤ ਮਜ਼ਬੂਰ ਹੋਵੇਗਾ।