ਹਿੰਦੀ ਲੇਖਕ ਰਾਜ ਗੋਪਾਲ ਸਿੰਘ ਵਰਮਾ ਨਾਲ ਰੂਬਰੂ ਸਮਾਗਮ ਕਰਵਾਇਆ

ਹਿੰਦੀ ਲੇਖਕ ਰਾਜ ਗੋਪਾਲ ਸਿੰਘ ਵਰਮਾ ਨਾਲ ਰੂਬਰੂ ਸਮਾਗਮ ਕਰਵਾਇਆ

ਪਟਿਆਲਾ : ਸਾਹਿਤ ਅਕਾਦਮੀ, ਪਟਿਆਲਾ ਵੱਲੋਂ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਵਿਖੇ ‘ਬੇਗਮ ਸਮਰੂ ਦਾ ਸੱਚ’ ਪੁਸਤਕ ਉਪਰ ਗੋਸ਼ਟੀ ਅਤੇ ਇਸਦੇ ਮੂਲ਼ ਹਿੰਦੀ ਲੇਖਕ ਰਾਜ ਗੋਪਾਲ ਸਿੰਘ ਵਰਮਾ ਨਾਲ ਰੂ-ਬਰੂ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਭੀਮ ਇੰਦਰ ਸਿੰਘ, ਡਾ. ਅਮਰਜੀਤ ਕੌਂਕੇ ਅਤੇ ਸੁਖਦੇਵ ਸਿੰਘ ਸ਼ਾਂਤ ਸ਼ਾਮਲ ਹੋਏ। ਇਤਿਹਾਸਕ ਅਤੇ ਅਣਗੌਲੇ ਪਾਤਰ ਬਾਰੇ ਹਿੰਦੀ ਵਿੱਚ ਲਿਖੀ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਜਗਦੀਸ਼ ਰਾਏ ਕੁਲਰੀਆਂ ਵੱਲੋਂ ਕੀਤਾ ਗਿਆ ਹੈ। ਸਮਾਗਮ ਦੇ ਸ਼ੁਰੂਆਤ ਵਿੱਚ ਅਕਾਦਮੀ ਦੇ ਜਨਰਲ ਸਕੱਤਰ ਡਾ. ਕੰਵਰ ਜਸਮਿੰਦਰ ਪਾਲ ਸਿੰਘ ਨੇ ਹਾਜ਼ਰੀਨ ਨੂੰ ‘ਜੀ ਆਇਆ ਨੂੰ’ ਆਖਦਿਆਂ ਪੁਸਤਕ ਦੇ ਵਿਭਿੰਨ ਪੱਖਾਂ ਨੂੰ ਵੀ ਛੋਹਿਆ। ਇਸ ਉਪਰੰਤ ਅਨੁਵਾਦਕ ਜਗਦੀਸ਼ ਰਾਏ ਕੁਲਰੀਆਂ ਨੇ ਲੇਖਕ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਰਾਜ ਗੋਪਾਲ ਸਿੰਘ ਵਰਮਾ ਦਾ ਜਿਆਦਾ ਲੇਖਨ ਇਤਿਹਾਸਕ ਕਿਤਾਬਾਂ ਦਾ ਹੈ, ਜੋ ਕਿ ਤੱਥਾਂ ’ਤੇ ਅਧਾਰਿਤ ਹਨ। ਉਨ੍ਹਾਂ ਕਿਹਾ ਕਿ ਲੇਖਕ ਅਣਗੌਲੇ ਵਿਸ਼ਿਆਂ, ਸ਼ਖ਼ਸ਼ੀਅਤਾਂ ਨੂੰ ਆਪਣੀ ਲੇਖਣੀ ਦਾ ਅਧਾਰ ਬਣਾਉਂਦਾ ਹੈ। ਇਸ ਤੋਂ ਬਾਅਦ ਪ੍ਰੋ. ਕੁਮਾਰ ਸ਼ੁਸ਼ੀਲ ਨੇ ਪੁਸਤਕ ’ਤੇ ਪਰਚਾ ਪੜ੍ਹਦਿਆ ਕਿਹਾ ਕਿ ਇਹ ਜੀਵਨੀ ਹਾਸ਼ੀਆਕ੍ਰਿਤ ਨਾਇਕਾਂ ਦੀ ਗੱਲ ਕਰਦੀ ਹੈ। ਇਹ ਉਸ ਸਮੇਂ ਦੇ ਇਤਿਹਾਸ, ਸਾਹਿਤ ਅਤੇ ਰਾਜਨੀਤੀ ਦੇ ਬਾਰੇ ਰੌਸ਼ਨੀ ਪਾਉਂਦੀ ਹੈ, ਅਜਿਹੀਆਂ ਪੁਸਤਕਾਂ ਇਕ ਪੁਲ ਦਾ ਕੰਮ ਕਰਦੀਆਂ ਹਨ। ਇਸ ਵਿਚ ਉਸ ਸਮੇਂ ਦੇ ਸਭਿਆਚਾਰ ਦਾ ਜ਼ਿਕਰ ਮਿਲਦਾ ਹੈ। ਇਸ ਮੌਕੇ ਆਗਰਾ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਪੁਸਤਕ ਦੇ ਲੇਖਕ ਰਾਜ ਗੋਪਾਲ ਸਿੰਘ ਵਰਮਾ ਨੇ ਕਿਹਾ ਕਿ ਫਰਜ਼ਾਨਾ ਉਰਫ਼ ਬੇਗਮ ਸਮਰੂ 18ਵੀਂ ਸਦੀ ਦਾ ਉਹ ਚਰਿੱਤਰ ਹੈ ਜਿਸਦੇ ਬਿਨਾਂ ਉਸ ਸਦੀ ਦੇ ਦੂਜੇ ਅੱਧ ਤੋਂ ਲੈ ਕੇ ਉੱਨੀਵੀਂ ਸਦੀ ਦੇ ਵੱਡੇ ਹਿੱਸੇ ਤਕ ਦਾ ਉਤਰੀ ਭਾਰਤ ਦਾ ਇਤਿਹਾਸ ਅਧੂਰਾ ਹੈ। ਪੁਰਾਣੀ ਦਿੱਲੀ ਵਿਚ ਇਕ ਨਰਤਕੀ ਵਜੋਂ ਗੁਜ਼ਾਰਾ ਕਰਨ ਵਾਲੀ ਉਹ ਪੰਦਰਾਂ ਸਾਲ ਦੀ ਕੁੜੀ ਬਾਅਦ ਵਿਚ ਸਰਧਨਾ ਦੀ ਬੇਗਮ ਸਮਰੂ ਦੇ ਨਾਂ ਨਾਲ ਪ੍ਰਸਿੱਧ ਹੋਈ। ਉਹ ਜੁਝਾਰੂ ਸੀ, ਸਮਝਾਦਰ ਸੀ, ਕੂਟਨੀਤੀ ਅਤੇ ਰਣਨੀਤੀ ਵਿਚ ਮਾਹਿਰ ਸੀ। ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਬੇਗਮ ਸਮਰੂ ਦੀ ਕਹਾਣੀ ਸੱਚਮੁੱਚ ਰੁਮਾਂਚਕ ਹੈ। ਡਾ. ਅਮਰਜੀਤ ਕੌਂਕੇ ਨੇ ਕਿਹਾ ਕਿ ਸਾਨੂੰ ਕਵਿਤਾ ਕਹਾਣੀਆਂ ਦੇ ਨਾਲ ਨਾਲ ਗਿਆਨ, ਵਿਗਿਆਨ ਅਤੇ ਇਤਿਹਾਸ ਨਾਲ ਸੰਬੰਧਤ ਅਜਿਹੀਆਂ ਪੁਸਤਕਾਂ ਵੀ ਪੜ੍ਹਨੀਆਂ ਅਤੇ ਰਚਣੀਆਂ ਚਾਹੀਦੀਆਂ ਹਨ। ਸੁਖਦੇਵ ਸਿੰਘ ਸ਼ਾਂਤ ਨੇ ਕਿਹਾ ਕਿ ਬੇਗਮ ਸਮਰੂ ਦਾ ਜ਼ਿਕਰ ਮਹਾਨ ਕੋਸ਼ ਅਤੇ ਹੋਰ ਸਿਖ ਇਤਿਹਾਸ ਨਾਲ ਸੰਬੰਧਤ ਪੁਸਤਕਾਂ ਵਿਚ ਵੀ ਮਿਲਦਾ ਹੈ। ਇਸ ਮੌਕੇ ਰਘਬੀਰ ਸਿੰਘ ਮਹਿਮੀ, ਗੁਰਦੀਪ ਸਿੰਘ ਭੁੱਲਰ, ਸੁਰਜੀਤ ਸਿੰਘ ਖੁਰਮਾ, ਜੋਗਾ ਸਿੰਘ ਧਨੌਲਾ, ਅਮਰਜੀਤ ਕਸਕ, ਬਿੱਕਰ ਸਿੰਘ ਸੋਹੀ, ਦਵਿੰਦਰ ਪਟਿਆਲਵੀ, ਭਗਵੰਤ ਸਿੰਘ ਬੱਗਾ ਅਤੇ ਹੋਰ ਲੇਖਕਾਂ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਤੇਜਿੰਦਰ ਸਿੰਘ ਫਰਵਾਹੀ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਹਰਪ੍ਰੀਤ ਸਿੰਘ ਰਾਣਾ ਨੇ ਬਾਖੂਬੀ ਢੰਗ ਨਾਲ ਕਰਦਿਆਂ ਪੁਸਤਕ ਬਾਰੇ ਵੀ ਗੱਲ ਕੀਤੀ।