ਬਠਿੰਡਾ : ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਦੇ ਸੱਦੇ ਤੇ ਭਾਰੀ ਗਿਣਤੀ ’ਚ ਔਰਤਾਂ ਸਮੇਤ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਦੇ ਅੱਗੇ ਸੈਂਕੜੇ ਬੇਜ਼ਮੀਨੇ-ਸਾਧਨਹੀਨ ਪੇਂਡੂ ਮਜ਼ਦੂਰਾਂ ਨੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਜ਼ਿਲ੍ਹਾ ਕਮੇਟੀ ਦੇ ਜਨਰਲ ਸਕੱਤਰ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕੀਤੀ। ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਮੁੱਖ ਬੁਲਾਰੇ ਵਜੋਂ ਵਿਚਾਰ ਰੱਖੇ। ਇਸ ਮੌਕੇ ਅਧਿਕਾਰੀਆਂ ਜਰੀਏ ਸਰਕਾਰ ਨੂੰ ਭੇਜੇ ਮੰਗ ਪੱਤਰ ਰਾਹੀਂ ਮਨਰੇਗਾ ਐਕਟ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਬੰਦ ਕਰਕੇ ਇਸ ਕਾਨੂੰਨ ਤਹਿਤ ਘੱਟੋ-ਘੱਟ 700 ਰੁਪਏ ਦੀ ਦਿਹਾੜੀ ਨਾਲ ਪੂਰੇ ਪਰਿਵਾਰ ਨੂੰ ਸਾਰਾ ਸਾਲ ਰੁਜ਼ਗਾਰ ਦੇਣ ਤੇ ਕਸਬਿਆਂ-ਸ਼ਹਿਰਾਂ, ਨਗਰ ਪੰਚਾਇਤਾਂ ਦੇ ਮਜ਼ਦੂਰਾਂ ਲਈ ਵੀ ਇਸੇ ਤਰਜ਼ ਦਾ ਕਾਨੂੰਨ ਬਣਾ ਕੇ ਬੱਝਵੇਂ, ਗਰੰਟੀਸ਼ੁਦਾ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਣ ਦੀ ਮੰਗ ਕੀਤੀ ਗਈ ਹੈ। ਧਰਨੇ ਚ ਪੁੱਜੇ ਕਿਰਤੀਆਂ ਨੇ ਦੋਸ਼ ਲਾਇਆ ਹੈ ਕਿ ਘੜੰਮ ਚੌਧਰੀਆਂ ਵੱਲੋਂ, ਸੂਬਾ ਸਰਕਾਰ ਦੀ ਸ਼ਹਿ ਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਮਨਰੇਗਾ ਕੰਮਾਂ ਵਿਚ ਨਾਜ਼ਾਇਜ਼ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਮੇਟ ਨਿਯੁਕਤ ਕਰਨ ਅਤੇ ਹਾਜ਼ਰੀ ਲਾਉਣ ਵੇਲੇ ਮਨਰੇਗਾ ਕਾਮਿਆਂ ਨੂੰ ਰੱਜ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਮਨਰੇਗਾ ਕਾਮਿਆਂ ਨੂੰ ਕਾਨੂੰਨ ਅਨੁਸਾਰ ਬਣਦਾ ਬੇਰੁਜ਼ਗਾਰੀ ਭੱਤਾ ਅਤੇ ਕੰਮ ਦੇ ਸੰਦ ਵੀ ਨਹੀਂ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਾਰੀ ਵਸੋਂ ਨੂੰ ਇੱਕਸਾਰ ਤੇ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਪੀਣ ਵਾਲਾ ਸਵੱਛ ਪਾਣੀ ਸਰਕਾਰ ਵੱਲੋਂ ਮੁਫਤ ਦਿੱਤੇ ਜਾਣ, ਹਰ ਕਿਰਤੀ ਪਰਿਵਾਰ ਨੂੰ ਘੱਟੋ-ਘੱਟ 5000 ਰੁਪਏ ਪ੍ਰਤੀ ਮਹੀਨਾ ਬੁਢਾਪਾ-ਵਿਧਵਾ-ਅੰਗਹੀਣ-ਆਸ਼ਰਿਤ ਪੈਨਸ਼ਨ ਦਿੱਤੇ ਜਾਣ, ਲੋੜਵੰਦਾਂ ਨੂੰ ਰਿਹਾਇਸ਼ੀ ਪਲਾਂਟ ’ਤੇ ਮਕਾਨ ਬਨਾਉਣ ਲਈ ਗ੍ਰਾਂਟ ਦੇਣ, ਸਰਕਾਰੀ ਡਿੱਪੂਆਂ ਰਾਹੀਂ ਨਿਗੂਣਾ ਭਾਅ ਤੇ ਰਸੋਈ ਦੀ ਵਰਤੋਂ ਦੀਆਂ ਸਾਰੀਆਂ ਵਸਤਾਂ ਦਿੱਤੇ ਜਾਣ ਦੀ ਸਰਵ ਵਿਆਪੀ ਜਨਤਕ ਵੰਡ ਪ੍ਰਣਾਲੀ ਕਾਇਮ ਕੀਤੇ ਜਾਣ, ਸਕੂਲਾਂ-ਹਸਪਤਾਲਾਂ ਸਮੇਤ ਸਾਰੇ ਵਿਭਾਗਾਂ ਚ ਕੱਚੇ, ਆਉਟਸੋਰਸਿੰਗ ਅਤੇ ਠੇਕਾ ਕਾਮੇ ਪੱਕੇ ਕੀਤੇ ਜਾਣ ਅਤੇ ਲੋਕਾਂ ਦੀ ਲੋੜ ਅਨੁਸਾਰ ਨਵੀਂ, ਪੱਕੀ ਭਰਤੀ ਕੀਤੇ ਜਾਣ ਅਤੇ ਕਿਰਤੀ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦੀ ਵੀ ਮੰਗ ਕੀਤੀ ਗਈ ਹੈ। ਇਸ ਮੌਕੇ ਜ਼ਿਲ੍ਹਾ ਪੱਧਰੀ ਆਗੂਆਂ ਗੁਰਮੀਤ ਸਿੰਘ ਜੈ ਸਿੰਘ ਵਾਲਾ, ਬਲਦੇਵ ਸਿੰਘ ਪੂਹਲੀ, ਜਗਦੇਵ ਸਿੰਘ ਬੁਲਾਢੇ ਵਾਲਾ, ਬਿੰਦਰ ਸਿੰਘ ਬੱਜੋਆਣਾ, ਬਲਦੇਵ ਸਿੰਘ ਨੇਹੀਆਂ ਵਾਲਾ, ਬਲਬੀਰ ਸਿੰਘ ਗਿੱਦੜ, ਮਲਕੀਤ ਕੌਰ ਰੁਲਦੂ ਸਿੰਘ ਵਾਲਾ, ਜੋਤੀ ਕੌਰ ਜੱਸੀ ਪੌ ਵਾਲੀ, ਜਸਵਿੰਦਰ ਸਿੰਘ ਬੁਲਾਢੇ ਵਾਲਾ, ਜਸਵੀਰ ਸਿੰਘ ਕੋਠੇ ਨਾਥੀਆਨਾ, ਅਮਰੀਕ ਸਿੰਘ ਤੁੰਗਵਾਲੀ, ਭੋਲਾ ਸਿੰਘ ਰਾਏ ਕੇ ਖੁਰਦ, ਬਲਵਿੰਦਰ ਸਿੰਘ ਜੰਗੀਰਾਣਾ, ਇੰਦਰ ਸਿੰਘ ਝੰਡੂਕੇ, ਜੋਗਿੰਦਰ ਸਿੰਘ ਕਲਿਆਣ, ਬੀਰ ਸਿੰਘ ਪੂਹਲੀ, ਜਸਵੀਰ ਸਿੰਘ ਸਾਬਕਾ ਸਰਪੰਚ ਬਲਾਹੜ ਵਿੰਝੂ, ਰਣਵੀਰ ਕੌਰ ਕਿਲੀ ਨਿਹਾਲ ਸਿੰਘ ਵਾਲਾ ਨੇ ਵੀ ਵਿਚਾਰ ਰੱਖੇ। ਜ਼ਿਲ੍ਹਾ ਪ੍ਰਧਾਨ ਦੇ ਆਗੂਆਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ।
Leave a Reply