Daily Suraj

ਪੰਜਾਬੀ

ਦਿੱਲੀ ਵਿੱਚ 15 ਦਿਨਾਂ ’ਚ 62 ਹਜ਼ਾਰ ਤੋਂ ਵੱਧ ਨਵੇਂ ਵੋਟਰ ਦਰਜ

17 Sep, 2026 01:05 PM

ਪੱਛਮੀ ਦਿੱਲੀ ਅੱਗੇ, ਸਭ ਤੋਂ ਵੱਧ ਨਵੀਆਂ ਅਰਜ਼ੀਆਂ ਦਰਜ 

30 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਦਰਜ ਕਰਨ ਦਾ ਮੌਕਾ 

4 ਨਵੰਬਰ ਨੂੰ ਜਾਰੀ ਹੋਵੇਗੀ ਅੰਤਿਮ ਵੋਟਰ ਸੂਚੀ 

– ਦਿੱਲੀ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (Special Intensive Revision – SIR) ਮੁਹਿੰਮ ਦੌਰਾਨ ਕੇਵਲ 15 ਦਿਨਾਂ ਵਿੱਚ 62,583 ਨਵੀਆਂ ਅਰਜ਼ੀਆਂ ਦਰਜ ਹੋਈਆਂ ਹਨ। ਮੁੱਖ ਚੋਣ ਅਧਿਕਾਰੀ (CEO) ਦੀ ਤਾਜ਼ਾ ਰਿਪੋਰਟ ਅਨੁਸਾਰ, ਇਸ ਨਾਲ ਫਾਰਮ-6 ਰਾਹੀਂ ਹੁਣ ਤੱਕ ਮਿਲੀਆਂ ਕੁੱਲ ਅਰਜ਼ੀਆਂ ਦੀ ਗਿਣਤੀ 2,74,983 ਹੋ ਗਈ ਹੈ। 31 ਅਗਸਤ ਤੋਂ 15 ਸਤੰਬਰ ਤੱਕ ਦੇ ਅੰਕੜਿਆਂ ਮੁਤਾਬਕ, ਪੱਛਮੀ ਦਿੱਲੀ ਵਿੱਚ ਸਭ ਤੋਂ ਵੱਧ 7,834 ਨਵੀਆਂ ਅਰਜ਼ੀਆਂ ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ ਉੱਤਰ ਪੱਛਮੀ (6,384), ਪੂਰਬੀ (6,297) ਅਤੇ ਦੱਖਣ ਪੂਰਬੀ (6,250) ਜ਼ਿਲ੍ਹੇ ਰਹੇ। ਨਵੀਂ ਦਿੱਲੀ ਵਿੱਚ ਸਭ ਤੋਂ ਘੱਟ 1,203 ਅਰਜ਼ੀਆਂ ਮਿਲੀਆਂ। ਫਾਰਮ-7 ਰਾਹੀਂ ਨਾਮ ਹਟਾਉਣ ਨਾਲ ਸਬੰਧਤ ਦਾਅਵੇ ਅਤੇ ਇਤਰਾਜ਼ਾਂ ਦੀ ਗਿਣਤੀ ਇਸ ਮਿਆਦ ਦੌਰਾਨ 812 ਰਹੀ, ਜਿਸ ਨਾਲ ਕੁੱਲ ਅੰਕੜਾ 52,283 ਹੋ ਗਿਆ। ਫਾਰਮ-6ਏ ਦੀਆਂ 131 ਨਵੀਆਂ ਅਰਜ਼ੀਆਂ ਨਾਲ ਕੁੱਲ ਗਿਣਤੀ 1,482 ਹੋਈ, ਜਦੋਂ ਕਿ ਫਾਰਮ-8 ਰਾਹੀਂ 20,289 ਅਰਜ਼ੀਆਂ ਮਿਲੀਆਂ, ਜਿਸ ਨਾਲ ਇਹ ਕੁੱਲ 2,81,057 ਤੱਕ ਪਹੁੰਚ ਗਈ। ਜ਼ਿਲ੍ਹਾ-ਵਾਰ ਅੰਕੜਿਆਂ ਵਿੱਚ ਪੂਰਬੀ ਦਿੱਲੀ ਵਿੱਚ ਫਾਰਮ-7 ਦੀਆਂ ਸਭ ਤੋਂ ਵੱਧ 107 ਅਰਜ਼ੀਆਂ ਦਰਜ ਹੋਈਆਂ, ਜਦੋਂ ਕਿ ਉੱਤਰ ਪੂਰਬੀ ਵਿੱਚ ਫਾਰਮ-8 ਦੀਆਂ 2,426 ਅਰਜ਼ੀਆਂ ਸਭ ਤੋਂ ਵੱਧ ਰਹੀਆਂ। ਫਾਰਮ-8 ਦੀ ਵਰਤੋਂ ਪਤਾ ਬਦਲਣ ਜਾਂ ਮੌਜੂਦਾ ਇੰਦਰਾਜ਼ਾਂ ਵਿੱਚ ਸੋਧ ਲਈ ਕੀਤੀ ਜਾਂਦੀ ਹੈ। ਐੱਸ.ਆਈ.ਆਰ. ਤਹਿਤ ਦਾਅਵੇ ਅਤੇ ਇਤਰਾਜ਼ ਦਰਜ ਕਰਨ ਦੀ ਮਿਆਦ 30 ਸਤੰਬਰ ਤੱਕ ਖੁੱਲ੍ਹੀ ਰਹੇਗੀ। ਵੋਟਰ ਸੂਚੀ ਦਾ ਖਰੜਾ 31 ਅਗਸਤ ਨੂੰ ਜਾਰੀ ਕੀਤਾ ਗਿਆ ਸੀ, ਜੋ ਸੀ.ਈ.ਓ. ਦਿੱਲੀ ਦੀ ਵੈੱਬਸਾਈਟ ਅਤੇ ਪੋਲਿੰਗ ਸਟੇਸ਼ਨਾਂ ’ਤੇ ਉਪਲੱਬਧ ਹੈ। ਚੋਣ ਅਧਿਕਾਰੀ ਨੇ ਵੋਟਰਾਂ ਨੂੰ ਆਪਣੇ ਨਾਵਾਂ ਦੀ ਪੁਸ਼ਟੀ ਕਰਨ ਲਈ ਕਿਹਾ ਹੈ। ਜਿਨ੍ਹਾਂ ਦੇ ਨਾਂ ਗਾਇਬ ਹਨ, ਉਹ ਫਾਰਮ-6 ਰਾਹੀਂ ਅਰਜ਼ੀ ਦੇ ਸਕਦੇ ਹਨ। 1 ਅਕਤੂਬਰ, 2026 ਤੱਕ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਵੀ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਵਾ ਸਕਦੇ ਹਨ। ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 29 ਅਕਤੂਬਰ ਤੱਕ ਕੀਤਾ ਜਾਵੇਗਾ, ਜਦੋਂ ਕਿ ਅੰਤਿਮ ਵੋਟਰ ਸੂਚੀ 4 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।

Posted By: Daily Suraj Bureau

Latest News