ਪੰਜਾਬ ਚੋਣਾਂ ਲਈ 'ਆਪ' ਦੀ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ: ਭਗਵੰਤ ਮਾਨ ਧੂਰੀ ਤੋਂ ਤੇ ਕੁਲਤਾਰ ਸੰਧਵਾਂ ਕੋਟਕਪੂਰਾ ਤੋਂ ਲੜਨਗੇ ਚੋਣ
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ('ਆਪ') ਨੇ ਆਪਣੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਵਿਰੋਧੀ ਧਿਰਾਂ ਨਾਲੋਂ ਪਹਿਲ ਕਰ ਦਿੱਤੀ ਹੈ। ਪਾਰਟੀ ਵੱਲੋਂ ਐਲਾਨੀ ਗਈ ਇਸ ਸੂਚੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੌਜੂਦਾ ਵਿਧਾਨ ਸਭਾ ਹਲਕੇ ਧੂਰੀ ਤੋਂ ਹੀ ਚੋਣ ਲੜਨਗੇ, ਜਦੋਂ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਹਲਕੇ ਤੋਂ ਚੋਣ ਮੈਦਾਨ ਵਿੱਚ ਉੱਤਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਧੂਰੀ ਤੋਂ ਉਮੀਦਵਾਰ ਬਣਾਏ ਜਾਣ ਨਾਲ ਉਨ੍ਹਾਂ ਸਾਰੀਆਂ ਅਫ਼ਵਾਹਾਂ ਅਤੇ ਸਿਆਸੀ ਚਰਚਾਵਾਂ 'ਤੇ ਬ੍ਰੇਕ ਲੱਗ ਗਈ ਹੈ, ਜਿਨ੍ਹਾਂ ਵਿੱਚ ਉਨ੍ਹਾਂ ਦੇ ਹਲਕਾ ਬਦਲਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਸਨ। ਮੌਜੂਦਾ 40 ਵਿਧਾਇਕਾਂ 'ਤੇ ਪ੍ਰਗਟਾਇਆ ਭਰੋਸਾ ਇਸ ਪਹਿਲੀ ਸੂਚੀ ਵਿੱਚ ਪਾਰਟੀ ਨੇ ਆਪਣੇ ਮੌਜੂਦਾ 40 ਵਿਧਾਇਕਾਂ ਨੂੰ ਹੀ ਮੁੜ ਉਮੀਦਵਾਰ ਬਣਾਇਆ ਹੈ। ਇਨ੍ਹਾਂ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ (ਜੋ ਇਸ ਵੇਲੇ ਜੇਲ੍ਹ ਵਿੱਚ ਹਨ) ਨੂੰ ਲੁਧਿਆਣਾ ਪੱਛਮੀ ਤੋਂ ਮੁੜ ਉਮੀਦਵਾਰ ਐਲਾਨਿਆ ਗਿਆ ਹੈ। ਸੰਜੀਵ ਅਰੋੜਾ ਨੂੰ ਛੱਡ ਕੇ ਬਾਕੀ ਕੈਬਨਿਟ ਵਜ਼ੀਰਾਂ ਦੇ ਨਾਂ ਫ਼ਿਲਹਾਲ ਇਸ ਸੂਚੀ ਤੋਂ ਬਾਹਰ ਰੱਖੇ ਗਏ ਹਨ। ਇਸ ਤੋਂ ਇਲਾਵਾ 4 ਮੌਜੂਦਾ ਮਹਿਲਾ ਵਿਧਾਇਕਾਂ—ਮੋਗਾ ਤੋਂ ਡਾ. ਅਮਨਦੀਪ ਕੌਰ ਅਰੋੜਾ, ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਬਲਾਚੌਰ ਤੋਂ ਸੰਤੋਸ਼ ਕਟਾਰੀਆ ਅਤੇ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਨੂੰ ਵੀ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਖੇਤਰੀ ਸੰਤੁਲਨ ਦੀ ਗੱਲ ਕਰੀਏ ਤਾਂ ਪਹਿਲੀ ਸੂਚੀ ਵਿੱਚ ਮਾਲਵੇ ਦੀਆਂ 27, ਦੁਆਬੇ ਦੀਆਂ 8 ਅਤੇ ਮਾਝੇ ਦੀਆਂ 5 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੇ 94 ਵਿਧਾਇਕ ਹਨ। ਪਾਰਟੀ ਵੱਲੋਂ ਲਗਾਏ ਗਏ ਨਵੇਂ 19 ਹਲਕਾ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਦੂਜੀ ਸੂਚੀ ਵਿੱਚ ਹੋਣ ਦੀ ਸੰਭਾਵਨਾ ਹੈ। ਪਾਰਟੀ ਹਾਈਕਮਾਂਡ ਦੀ ਮੀਟਿੰਗ ਅਤੇ 'ਲੋਕ ਸਰਵੇਖਣ' ਨੂੰ ਆਧਾਰ ਸੂਚੀ ਜਾਰੀ ਕਰਨ ਤੋਂ ਪਹਿਲਾਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (PAC) ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸ਼ਾਮਲ ਸਨ। ਇਸ ਮੀਟਿੰਗ ਵਿੱਚ ਹੀ ਸੂਚੀ 'ਤੇ ਅੰਤਿਮ ਮੋਹਰ ਲਗਾਈ ਗਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਲੋਕ ਸਰਵੇਖਣ ਦੇ ਆਧਾਰ 'ਤੇ ਕੀਤੀ ਗਈ ਹੈ ਅਤੇ ਜਿਨ੍ਹਾਂ ਨੇਤਾਵਾਂ ਨੂੰ ਹਲਕੇ ਦੇ ਲੋਕਾਂ ਦਾ ਸਮਰਥਨ ਮਿਲਿਆ ਹੈ, ਉਨ੍ਹਾਂ ਨੂੰ ਹੀ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦਾ ਅਗੇਤਾ ਐਲਾਨ ਹੋਣ ਨਾਲ ਉਨ੍ਹਾਂ ਨੂੰ ਜਨਤਾ ਵਿੱਚ ਜਾਣ ਦਾ ਪੂਰਾ ਸਮਾਂ ਮਿਲੇਗਾ, ਜਦਕਿ ਕਾਂਗਰਸ ਬਗ਼ਾਵਤ ਦੇ ਡਰੋਂ ਨਾਂ ਐਲਾਨਣ ਵਿੱਚ ਦੇਰੀ ਕਰਦੀ ਹੈ। ਪੰਜ ਵਿਧਾਇਕਾਂ ਨੂੰ ਤੀਜੀ ਵਾਰ ਮਿਲਿਆ ਟਿਕਟ ਇਸ ਸੂਚੀ ਵਿੱਚ ਪੰਜ ਮੌਜੂਦਾ ਵਿਧਾਇਕਾਂ ਨੂੰ ਤੀਜੀ ਵਾਰ ਪਾਰਟੀ ਵੱਲੋਂ ਚੋਣ ਲੜਨ ਦਾ ਮੌਕਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ ਅਤੇ ਗੜ੍ਹਸ਼ੰਕਰ ਤੋਂ ਜੈ ਕ੍ਰਿਸ਼ਨ ਰੋੜੀ ਸ਼ਾਮਲ ਹਨ। ਬਾਕੀ 35 ਵਿਧਾਇਕ (ਮੁੱਖ ਮੰਤਰੀ ਭਗਵੰਤ ਮਾਨ ਸਮੇਤ) ਦੂਜੀ ਵਾਰ 'ਆਪ' ਦੀ ਟਿਕਟ 'ਤੇ ਚੋਣ ਮੈਦਾਨ 'ਚ ਉੱਤਰਨਗੇ।