ਸਿਵਲ ਮਿਲਟਰੀ ਮੈਡੀਕਲ ਕੈਂਪ ਦਾ ਵੱਡੀ ਗਿਣਤੀ ’ਚ ਲੋਕਾਂ ਲਿਆ ਲਾਭ

ਸਿਵਲ ਮਿਲਟਰੀ ਮੈਡੀਕਲ ਕੈਂਪ ਦਾ ਵੱਡੀ ਗਿਣਤੀ ’ਚ ਲੋਕਾਂ ਲਿਆ ਲਾਭ

ਸੁਲਤਾਨਪੁਰ ਲੋਧੀ : ਜ਼ਿਲਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਅਤੇ 58 ਆਰਮਡ ਬੀਡੀਈ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਸਿਵਲ ਮਿਲਟਰੀ ਮੈਡੀਕਲ ਕੈਂਪ ਸਬ ਡਵੀਜ਼ਨਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਗਾਇਆ ਗਿਆ । ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ, ਬ੍ਰਿਗੇਡੀਅਰ ਰਾਹੁਲ ਯਾਦਵ ਵੱਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ । ਕੈਂਪ ਦੌਰਾਨ ਹੱਡੀਆਂ ਦੇ, ਬੱਚਿਆਂ, ਅੱਖਾਂ,ਦੰਦਾਂ ਦੇ ਮਾਹਿਰ ਡਾਕਟਰਾਂ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਕੈਂਪ ਦੌਰਾਨ 561 ਮਰੀਜ਼ਾਂ ਨੇ ਇਲਾਜ ਦੀ ਸਹੂਲਤ ਪ੍ਰਾਪਤ ਕੀਤੀ ।ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਇਸ ਮੌਕੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਸਿਹਤ ਸਹੂਲਤਾਂ ਹੋਰ ਬਿਹਤਰੀਨ ਢੰਗ ਨਾਲ ਦੇਣ ਲਈ ਵਚਨਬੱਧ ਹੈ। ਪ੍ਰਸ਼ਾਸਨ ਵੱਲੋਂ ਭਵਿੱਖ ਵਿਚ ਅਜਿਹੇ ਹੋਰ ਕੈਂਪ ਲਾਏ ਜਾਣਗੇ । ਉਨ੍ਹਾਂ ਕਿਹਾ ਕਿ ਦੇਸ਼ ਲਈ ਸੈਨਿਕਾਂ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਅਤੇ ਕੁਰਬਾਨੀਆਂ ਦੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਸਾਬਕਾ ਫੌਜੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਪ੍ਰਸ਼ਾਸਨ ਵੱਲੋਂ ਵੱਡਮੁੱਲੇ ਯਤਨ ਕੀਤੇ ਜਾਣਗੇ। ਇਸ ਮੌਕੇ ਸਿਹਤ ਵਿਭਾਗ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਸਬੰਧੀ ਇਕ ਵਿਸ਼ੇਸ਼ ਜਾਗਰੂਕਤਾ ਪ੍ਰਦਰਸ਼ਨੀ ਵੀ ਲਾਈ ਗਈ। ਇਸ ਤੋਂ ਇਲਾਵਾ ਵੱਖ-ਵੱਖ ਸਿਹਤ ਪ੍ਰੋਗਰਾਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਪ੍ਰਦਰਸ਼ਨੀ ਲਾਈ ਗਈ। ਇਸ ਮੌਕੇ ਸੈਲਫੀ ਪੁਆਇੰਟ ਵੀ ਖਿੱਚ ਦਾ ਕੇਂਦਰ ਰਿਹਾ, ਜਿਸ ਉੱਪਰ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਸ਼ਖਸ਼ੀਅਤਾਂ ਨੇ ਸੈੱਲਫੀਆਂ ਖਿੱਚੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ,ਬ੍ਰਿਗੇਡੀਅਰ ਰਾਹੁਲ ਯਾਦਵ ਅਤੇ ਮੇਜਰ ਜੀ.ਐਸ ਗਿੱਲ ਵੱਲੋਂ ਸਾਬਕਾ ਫੌਜੀਆਂ ਤੇ ਉਹਨਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਗਿਆ। ਮਿਲਟਰੀ ਹਸਪਤਾਲ ਕਪੂਰਥਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਲੀਪ ਵੱਲੋਂ ਆਪਣੀ ਟੀਮ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਐਸਡੀਐਮ ਅਪਰਣਾ, ਡੀਐਫਪੀਓ ਡਾ. ਅਸ਼ੋਕ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ ਡੀ.ਪੀ ਸਿੰਘ, ਐਸਐਮਓ ਸਰਵਿੰਦਰ ਸਿੰਘ ਸੇਠੀ, ਐਸਐਮਓ ਡਾ. ਰੁਪਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ, ਫਾਰਮੇਸੀ ਅਫ਼ਸਰ ਅਮਰਿੰਦਰ ਸਿੰਘ, ਸਿਮਰਨ ਸਿੰਘ,ਬੀਸੀਸੀ ਜੋਤੀ ਅਨੰਦ,ਬੀਈਈ ਰਵਿੰਦਰ ਜੱਸਲ,ਐਸ ਏ ਸੰਨੀ ਸਹੋਤਾ ਆਦਿ ਵੀ ਨਾਲ ਸਨ।