ਵਾਲੀਬਾਲ ਦੇ ਦੋਵਾਂ ਵਰਗਾਂ ’ਚ ਵਿਸ਼ਵ ਪਬਲਿਕ ਸਕੂਲ ਦੀ ਝੰਡੀ
- ਖੇਡਾਂ
- 18 Feb,2025

ਅੰਮ੍ਰਿਤਸਰ : ਖੇਲੋ ਭਾਰਤ ਅੰਮ੍ਰਿਤਸਰ (ਏਬੀਵੀਪੀ) ਦੇ ਵੱਲੋਂ ਫਿਜੀਕਲ ਐਜੂਕੇਸ਼ਨ ਐਸੋਸੀਏਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਆਈਕੇ ਗੁਜਰਾਲ ਟੈਕਨੀਕਲ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਦੇ ਵਿਹੜੇ ਵਿਚ ਕਰਵਾਏ ਗਏ ਖੇਡ ਕੁੰਭ ਸਪੋਰਟਸ ਓਪਨ ਟੂਰਨਾਮੈਂਟ ਦੇ ਪੁਰਸ਼ ਵਰਗ ਦੇ ਅੰਡਰ-14, 17 ਸਾਲ ਉਮਰ ਵਰਗ ਦੇ ਵਾਲੀਬਾਲ ਮੁਕਾਬਲਿਆਂ ਦੇ ਦੌਰਾਨ ਵਿਸ਼ਵ ਪਬਲਿਕ ਸਕੂਲ ਜੀਟੀ ਰੋਡ ਵੇਰਕਾ ਦੀਆਂ ਟੀਮਾਂ ਦੀ ਝੰਡੀ ਰਹੀ।
ਜ਼ਿਕਰਯੋਗ ਹੈ ਕਿ ਇੰਨ੍ਹਾਂ ਬਹੁ ਖੇਡ ਮੁਕਾਬਲਿਆਂ ਦੇ ਦੌਰਾਨ ਵੱਖ-ਵੱਖ ਸਕੂਲਾਂ ਤੋਂ ਵੱਖ-ਵੱਖ ਉਮਰ ਵਰਗ ਦੇ ਚੋਟੀ ਦੇ ਮਹਿਲਾ-ਪੁਰਸ਼ ਖਿਡਾਰੀਆਂ ਨੇ ਟੀਮ ਤੇ ਵਿਅਕਤੀਗਤ ਮੁਕਾਬਲਿਆਂ ਦੌਰਾਨ ਆਪਣੇ ਖੇਡ ਕਲਾ ਦਾ ਮੁਜ਼ਾਹਰਾ ਕਰਦਿਆਂ ਕਈ ਵੱਕਾਰੀ ਮਾਣ-ਸਨਮਾਨਾਂ ’ਤੇ ਕਬਜ਼ਾ ਕੀਤਾ।
ਇਸੇ ਸਿਲਸਿਲੇ ਤਹਿਤ ਪੁਰਸ਼ ਵਰਗ ਦੇ ਅੰਡਰ-14, 17 ਸਾਲ ਉਮਰ ਵਰਗ ਦਾ ਚੈਂਪੀਅਨ ਤਾਜ ਵਿਸ਼ਵ ਪਬਲਿਕ ਸਕੂਲ ਵੇਰਕਾ ਦੇ ਸਿਰ ਸਜਿਆ। ਇਸ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਕਰਵਾਏ ਗਏ ਸਿਲਸਿਲੇਵਾਰ ਮੈਚਾਂ ਦੌਰਾਨ ਸਕੂਲ ਦੀਆਂ ਦੋਵੇਂ ਵਾਲੀਬਾਲ ਟੀਮਾਂ ਨੇ ਸ਼ਾਨਦਾਰ ਤੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਪ੍ਰਤੀਯੋਗਤਾ ’ਚ ਜਗ੍ਹਾ ਬਣਾਈ ਤੇ ਦੋਵੇਂ ਵਰਗਾਂ ਵਿਚ ਮੋਹਰੀ ਰਹਿੰਦੇ ਹੋਏ ਚੈਂਪੀਅਨ ਟ੍ਰਾਫੀਆਂ ’ਤੇ ਕਬਜ਼ਾ ਜਮਾਇਆ। ਪ੍ਰਬੰਧਕਾਂ ਵੱਲੋਂ ਖਿਡਾਰੀਆਂ ਨੂੰ ਗੋਲਡ ਮੈਡਲ ਤੇ ਚੈਂਪੀਅਨ ਟ੍ਰਾਫੀਆਂ ਦੇ ਕੇ ਨਵਾਜਿਆ ਗਿਆ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਿੰ. ਜਗਜੀਤ ਸਿੰਘ ਹੁੰਦਲ ਤੇ ਵਾਈਸ ਪ੍ਰਿੰ. ਰਮਨਦੀਪ ਕੌਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕੋਚ ਰਵਿੰਦਰ ਸਿੰਘ ਦੀ ਅਗਵਾਈ ਤੇ ਕੋਆਰਡੀਨੇਅਰ ਮੋਨਿਕਾ ਅਤੇ ਸੋਨਿਕਾ ਦੀ ਦੇਖ-ਰੇਖ ਹੇਠ ਉਨ੍ਹਾਂ ਦੇ ਸਕੂਲ ਦੀਆਂ ਅੰਡਰ-14,17 ਸਾਲ ਉਮਰ ਵਰਗ ਦੀਆਂ ਪੁਰਸ਼ ਵਾਲੀਬਾਲ ਟੀਮਾਂ ਨੇ ਮਿਸਾਲੀ ਪ੍ਰਦਰਸ਼ਨ ਕਰਦਿਆਂ ਚੋਟੀ ਦੀਆਂ ਟੀਮਾਂ ਨੂੰ ਬਾਹਰ ਦਾ ਰਸਤਾ ਦਿਖਾਇਆ। ਉਨ੍ਹਾਂ ਦੱਸਿਆ ਕਿ ਇਸ ਵੱਕਾਰੀ ਖੇਡ ਮੁਕਾਬਲੇਬਾਜ਼ੀ ਨੂੰ ਲੈ ਕੇ ਉਨ੍ਹਾਂ ਦੇ ਖਿਡਾਰੀਆਂ ਦੇ ਵੱਲੋਂ ਪਹਿਲਾਂ ਤੋਂ ਹੀ ਤਿਆਰੀ ਆਰੰਭਦਿਆਂ ਸਵੇਰੇ-ਸ਼ਾਮ ਕਰੜਾ ਅਭਿਆਸ ਕੀਤਾ ਗਿਆ, ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਕੂਲ ਦੇ ਖਿਡਾਰੀ ਕਈ ਜ਼ਿਲ੍ਹਾ, ਰਾਜ ਤੇ ਕੌਮੀ ਪੱਧਰ ਤੇ ਖੇਡ ਮੁਕਾਬਲਿਆਂ ਦੌਰਾਨ ਆਪਣੀ ਖੇਡਸ਼ੈਲੀ ਦਾ ਲੋਹਾ ਮੰਨਵਾ ਚੁੱਕੇ ਹਨ। ਸਕੂਲ ਦੇ ਵੱਲੋਂ ਸੰਭਵ ਸਹਾਇਤਾ ਤੇ ਸਹਿਯੋਗ ਅਤੇ ਸੀਮਿਤ ਸਾਧਨਾ ਦੇ ਬਾਵਜੂਦ ਟੀਮਾਂ ਵੱਲੋਂ ਇੰਨੀ ਵੱਡੀ ਪ੍ਰਾਪਤੀ ਕਰਨਾ ਆਪਣੇ ਆਪ ’ਚ ਮਿਸਾਲ ਹੈ। ਸਕੂਲ ਪੁੱਜੀਆਂ ਟੀਮਾਂ ਦਾ ਸਕੂਲ ਪ੍ਰਬੰਧਕਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਤੇ ਸਨਮਾਨ ਕੀਤਾ ਗਿਆ। ਪ੍ਰਿੰ. ਜਗਜੀਤ ਸਿੰਘ ਹੁੰਦਲ ਅਨੁਸਾਰ ਹੁਣ ਇਹ ਟੀਮਾਂ ਅਗਲੇਰੀ ਖੇਡ ਪ੍ਰਤੀਯੋਗਤਾ ਦੇ ਵਿੱਚ ਸ਼ਮੂਲੀਅਤ ਕਰਨਗੀਆਂ।
Posted By:

Leave a Reply