ਡੀਏਵੀ ਸਕੂਲ ’ਚ ਇਨਾਮ ਵੰਡ ਸਮਾਗਮ ਕਰਵਾਇਆ

ਡੀਏਵੀ ਸਕੂਲ ’ਚ ਇਨਾਮ ਵੰਡ ਸਮਾਗਮ ਕਰਵਾਇਆ

ਹੁਸ਼ਿਆਰਪੁਰ : ਡੀਏਵੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦਾ ਸਲਾਨਾ ਇਨਾਮ ਵੰਡ ਸਮਾਗਮ ਸਕੂਲ ਦੇ ਵਿਹੜੇ ਵਿੱਚ ਕਰਵਾਇਆ ਗਿਆ। ਇਸ ਮੌਕੇ ਏਡੀਸੀ ਵਿਕਾਸ ਨਿਕਾਸ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡੀਏਵੀ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਡਾ. ਅਨੂਪ ਕੁਮਾਰ ਨੇ ਕੀਤੀ, ਜਦਕਿ ਸਕੱਤਰ ਪ੍ਰੋ. ਆਰਐੱਮ ਭੱਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰ ਕੇ ਕੀਤੀ ਗਈ। ਇਸ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਸੂਫੀ ਗੀਤ ਨਾਲ ਹੋਈ। ਵਿੱਦਿਅਕ ਵਿਸ਼ੇ ਅਤੇ ਦੇਸ਼ ਭਗਤੀ 'ਤੇ ਆਧਾਰਿਤ ਬੱਚਿਆਂ ਵੱਲੋਂ ਪੇਸ਼ ਕੀਤੇ ਡਾਂਸ ਦੀ ਭਰਪੂਰ ਸ਼ਲਾਘਾ ਕੀਤੀ ਗਈ। ਬੱਚਿਆਂ ਨੇ ਜਿੱਥੇ ਸਟੇਜ ਤੋਂ ਆਪਣੀ ਅਦਾਕਾਰੀ ਅਤੇ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਖੂਬ ਹਸਾਇਆ, ਉੱਥੇ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਅਤੇ ਸਮਾਜ ਦੇ ਬਦਲ ਰਹੇ ਸੁਭਾਅ ਵਿੱਚ ਸਾਰਿਆਂ ਦੀ ਭੂਮਿਕਾ ਵਰਗੇ ਗੰਭੀਰ ਵਿਸ਼ਿਆਂ ਬਾਰੇ ਵੀ ਗੱਲਬਾਤ ਕੀਤੀ। ਦੇਸ਼ ਦੇ ਵੱਖ-ਵੱਖ ਰਾਜਾਂ ਦੇ ਲੋਕਾਂ ਦੇ ਪਹਿਰਾਵੇ ਅਤੇ ਤਿਉਹਾਰਾਂ 'ਤੇ ਆਧਾਰਿਤ ਨਾਚ ਦੀ ਪੇਸ਼ਕਾਰੀ ਸ਼ਲਾਘਾਯੋਗ ਸੀ। ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਸਮਾਜ ਵਿੱਚ ਸਿੱਖਿਆ ਦੇ ਪ੍ਰਸਾਰ ਵਿੱਚ ਡੀਏਵੀ ਸੰਸਥਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸਮਾਗਮ ਦੇ ਵਿਸ਼ੇ 'ਸਾਡਾ ਸਮਾਜ - ਕੱਲ੍ਹ ਅਤੇ ਅੱਜ' 'ਤੇ ਚਰਚਾ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਉਸਾਰੂ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ। ਇਸ ਦੌਰਾਨ ਅਕਾਦਮਿਕ ਪੁਰਸਕਾਰ ਦਿੱਤੇ ਗਏ ਅਤੇ ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਨਾਮ ਦਿੱਤੇ ਗਏ। ਇਸ ਮੌਕੇ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਦੇ ਅਧਿਕਾਰੀ ਅਤੇ ਮੈਂਬਰ, ਸਕੂਲ ਦੇ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।