ਅਮਰੀਤਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਣ ਵਾਲੇ ਭਾਰਤੀਆਂ ਦੀ ਲਿਸਟ ਆਈ ਸਾਹਮਣੇ, 67 ਪੰਜਾਬੀ ਸ਼ਾਮਲ
- ਰਾਸ਼ਟਰੀ
- 15 Feb,2025

ਅੰਮ੍ਰਿਤਸਰ : ਬੀਤੇ ਦਿਨੀਂ 105 ਭਾਰਤੀਆਂ ਨੂੰ ਡਿਪੋਰਟ ਕਰਨ ਤੋਂ ਬਾਅਦ ਅਮਰੀਕਾ 277 ਹੋਰ ਭਾਰਤੀਆਂ ਨੂੰ ਡਿਪੋਰਟ ਕਰ ਰਿਹਾ ਹੈ। ਇਨ੍ਹਾਂ ’ਚੋਂ 120 ਭਾਰਤੀ ਸ਼ਨਿਚਰਵਾਰ ਤੇ 157 ਭਾਰਤੀ ਐਤਵਾਰ ਨੂੰ ਭਾਰਤ ਪੁੱਜਣਗੇ। ਇਨ੍ਹਾਂ ਸਾਰਿਆਂ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਲਿਆਉਣ ਦੀ ਯੋਜਨਾ ਹੈ।
ਅਮਰੀਕਾ ਤੋਂ ਸ਼ਨਿਚਰਵਾਰ ਨੂੰ ਡਿਪੋਰਟ ਹੋ ਕੇ ਆ ਰਹੇ 120 ਭਾਰਤੀ ਸ਼ਨਿਚਰਵਾਰ ਦੇਰ ਰਾਤ ਦੱਸ ਵਜੇ ਤੋਂ ਬਾਅਦ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜ ਸਕਦੇ ਹਨ। ਇਸ ਵਾਰ ਡਿਪੋਰਟ ਹੋ ਕੇ ਭਾਰਤ ਆਉਣ ਵਾਲੇ 120 ਭਾਰਤੀਆਂ ’ਚ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਉੱਤਰ ਪ੍ਰਦੇਸ਼ ਦੇ 3, ਮਹਾਰਾਸ਼ਟਰ ਦੇ 2, ਰਾਜਸਥਾਨ ਦੇ 2, ਗੋਆ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ 2-2 ਲੋਕ ਦੱਸੇ ਜਾ ਰਹੇ ਹਨ। ਇਸੇ ਤਰ੍ਹਾਂ ਐਤਵਾਰ ਨੂੰ ਵੀ ਅਮਰੀਕਾ 157 ਭਾਰਤੀਆਂ ਨੂੰ ਡਿਪੋਰਟ ਕਰੇਗਾ। ਇਨ੍ਹਾਂ ’ਚ ਚਾਰ ਤੋਂ 50 ਸਾਲਾਂ ਦੇ ਲੋਕ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਉਣ ਦੀ ਯੋਜਨਾ ਹੈ।
ਚਰਚਾ ਹੈ ਕਿ ਇਸ ਵਾਰ ਡਿਪੋਰਟ ਹੋਣ ਵਾਲੇ ਲੋਕਾਂ ਨੂੰ ਭਾਰਤੀ ਹਵਾਈ ਜਹਾਜ਼ ’ਚ ਲਿਆਂਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 5 ਫਰਵਰੀ ਨੂੰ ਅਮਰੀਕੀ ਫੌਜੀ ਜਹਾਜ਼ ਸੀ-17 ਰਾਹੀਂ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਭੇਜਿਆ ਗਿਆ ਸੀ। ਡਿਪੋਰਟ ਹੋਏ ਲੋਕਾਂ ਨੂੰ ਹਥਕੜੀ, ਪੈਰਾਂ ਤੇ ਕਮਰ ’ਚ ਜੰਜੀਰ ਬੰਨ੍ਹ ਕੇ ਲਿਆਂਦਾ ਗਿਆ ਸੀ। ਇਸ ’ਤੇ ਪੰਜਾਬ ਸਰਕਾਰ ਤੇ ਕੇਂਦਰ ਦੋਵਾਂ ਨੇ ਇਤਰਾਜ਼ ਪ੍ਰਗਟਾਇਆ ਸੀ। ਵਿਰੋਧੀ ਧਿਰ ਨੇ ਇਹ ਮਾਮਲਾ ਸੰਸਦ ’ਚ ਵੀ ਚੁੱਕਿਆ ਸੀ।
ਅਮਰੀਕਾ ਤੋਂ ਡਿਪੋਰਟ ਕਰ ਕੇ ਭਾਰਤੀਆਂ ਨੂੰ ਸ਼ਨਿਚਰਵਾਰ ਤੇ ਐਤਵਾਰ ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਉਣ ’ਤੇ ਪੰਜਾਬ ਸਰਕਾਰ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਹੈ ਕਿ ਅਮਰੀਕਾ ਤੋਂ ਆ ਰਹੇ ਜਹਾਜ਼ ਨੂੰ ਹਿੰਡਨ, ਅਹਿਮਦਾਬਾਦ ਜਾਂ ਫਿਰ ਅੰਬਾਲਾ ’ਚ ਕਿਉਂ ਨਹੀਂ ਲੈਂਡ ਕਰਵਾਇਆ ਜਾ ਰਿਹਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਾਜ਼ਿਸ਼ ਤਹਿਤ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰਨ ਲਈ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ।
ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ ਅਚਾਨਕ ਅੰਮ੍ਰਿਤਸਰ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕਰ ਕੇ ਅੰਮ੍ਰਿਤਸਰ ਲਿਆਂਦੇ ਜਾਣ ਦੀਆਂ ਸੂਚਨਾਵਾਂ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਇਸ ’ਤੇ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਨੇ ਕੇਂਦਰ ਨੂੰ ਪੁੱਛਿਆ ਕਿ ਇਹ ਹਵਾਈ ਜਹਾਜ਼ ਅੰਮ੍ਰਿਤਸਰ ਉਤਾਰਨ ਦਾ ਕੀ ਕਾਰਨ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕੇਂਦਰ ਤੋਂ ਜਵਾਬ ਆਉਮ ਤੋਂ ਪਹਿਲਾਂ ਜੇਕਰ ਕੋਈ ਫਲਾਈ ਅੰਮ੍ਰਿਤਸਰ ਪੁੱਜਦੀ ਹੈ ਤਾਂ ਉਹ ਉਸ ਨੂੰ ਰਿਸੀਵ ਕਰਨਗੇ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀਆਂ ਨੂੰ ਬਿਲਕੁਲ ਪਸੰਦ ਨਹੀਂ ਕਰਦੀ, ਇਹੀ ਕਾਰਨ ਹੈ ਕਿ ਹੁਣ ਅੰਮ੍ਰਿਤਸਰ ਜੋ ਕਿ ਇਕ ਪਵਿੱਤਰ ਸ਼ਹਿਰ ਹੈ ਉਸ ਨੂੰ ਡਿਪੋਰਟੇਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ।
Posted By:

Leave a Reply