ਭਾਵਿਕ ਨੇ 1 ਕਰੋੜ 315 ਦਾ ਪਹਾੜਾ 100 ਲਾਈਨਾਂ ਤੱਕ ਸੁਣਾ ਕੇ ਬਣਾਇਆ ਰਿਕਾਰਡ, ਅੱਖਾਂ ’ਤੇ ਪੱਟੀ ਬੰਨ੍ਹ ਕੇ ਸਿਰਫ਼ 2 ਮਿੰਟ 27 ਸੈਕੰਡ ਵਿਚ ਕੀਤਾ ਕਾਰਨਾਮਾ
- ਪੰਜਾਬ
- 03 Jan,2025

ਰਾਮਪੁਰਾ ਫੂਲ : ਹਿਸਾਬ ਵਿਸ਼ੇ ਦਾ ਨਾਂ ਸੁਣਦਿਆਂ ਹੀ ਜ਼ਿਆਦਾਤਰ ਵਿਦਿਆਰਥੀਆਂ ਦੀ ਸਿੱਟੀ-ਪੁੱਟੀ ਗੁੰਮ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਤਰੇਲੀਆਂ ਸ਼ੁਰੂ ਹੋ ਜਾਂਦੀਆਂ ਹਨ, ਉੱਥੇ ਰਾਮਪੁਰਾ ਫੂਲ ਦੇ ਨੌਂਵੀ ਜਮਾਤ ਦੇ ਵਿਦਿਆਰਥੀ ਭਾਵਿਕ ਸਿੰਗਲਾ ਵੱਲੋਂ ਇਸ ਵਿਸ਼ੇ ਅਜਿਹਾ ਕਾਰਨਾਮਾ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਅਧਿਆਪਕਾਂ ਤੋਂ ਲੈ ਕੇ ਵੱਡੇ ਅਧਿਕਾਰੀ ਤੱਕ ਹੈਰਾਨ ਹੋ ਗਏ ਹਨ। ਇਸ ਵਿਦਿਆਰਥੀ ਨੇ 8 ਅੰਕਾਂ ਦਾ ਪਹਾੜਾ 100 ਲਾਈਨਾਂ ਤੱਕ ਸਪੀਡ ਨਾਲ ਬੋਲ ਕੇ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਭਾਰਤ ਵਿਚ ਕਿਸੇ ਵੀ ਵਿਦਿਆਰਥੀ ਵੱਲੋ ਇੰਨਾ ਵੱਡਾ ਪਹਾੜਾ ਇੰਨੀ ਸਪੀਡ ਨਾਲ ਨਹੀਂ ਬੋਲਿਆ ਗਿਆ ਸੀ। ਭਾਵਿਕ ਸਿੰਗਲਾ ਦੀ ਇਸ ਪ੍ਰਾਪਤੀ ’ਤੇ ਇਲਾਕੇ ਅੰਦਰ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਭਾਵਿਕ ਸਿੰਗਲਾ ਦੀ ਇਸ ਰਿਕਾਰਡ ਲਈ ਤਿਆਰੀ ਕਰਵਾਉਣ ਵਾਲੇ ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸੇਟ ਜੇਵੀਅਰ ਸਕੂਲ ਦੇ ਨੌਂਵੀ ਜਮਾਤ ਦੇ ਵਿਦਿਆਰਥੀ ਭਾਵਿਕ ਸਿੰਗਲਾ ਵੱਲੋ ਅੱਖਾਂ ’ਤੇ ਪੱਟੀ ਬੰਨ੍ਹ ਕੇ 1 ਕਰੋੜ 315 ਦਾ ਪਹਾੜਾ 100 ਲਾਈਨਾਂ ਤੱਕ ਸਿਰਫ 2 ਮਿੰਟ 27 ਸੈਕੰਡ ਵਿਚ ਮੂੰਹ ਜ਼ੁਬਾਨੀ ਸੁਣਾਇਆ ਗਿਆ ਹੈ। ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਨਵੇਂ ਰਿਕਾਰਡ ਦੀ ਪੁਸ਼ਟੀ ਕਰਦਿਆਂ ਭਾਵਿਕ ਸਿੰਗਲਾ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਹੈ। ਉਸ ਨੇ ਇਹ ਤਿਆਰੀ ਅਬੈਕਸ ਵਿਧੀ ਨਾਲ ਕੀਤੀ ਹੈ। ਭਾਵਿਕ ਦੇ ਪਿਤਾ ਜਿਤੇਸ਼ ਸਿੰਗਲਾ ਨੇ ਦੱਸਿਆ ਕਿ ਉਸ ਨੇ ਇਸ ਰਿਕਾਰਡ ਦੇ ਲਈ ਕਰੀਬ 6 ਮਹੀਨੇ ਸਖਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਬੈਕਸ ਵਿਧੀ ਨਾਲ ਨਾ ਸਿਰਫ ਮੈਥ ਵਿਸ਼ਾ ਬਲਕਿ ਬੱਚਿਆਂ ਦਾ ਸੰਪੂਰਨ ਦਿਮਾਗੀ ਵਿਕਾਸ ਹੁੰਦਾ ਹੈ । ਸਬ ਡਿਵੀਜ਼ਨ ਦੇ ਐੱਸਡੀਐਮ ਗਗਨਦੀਪ ਸਿੰਘ ਨੇ ਆਪਣੇ ਦਫਤਰ ਵਿਚ ਉਚੇਚੇ ਤੌਰ ’ਤੇ ਭਾਵਿਕ ਸਿੰਗਲਾ ਨੂੰ ਸਨਮਾਨਿਤ ਕੀਤਾ । ਇਸ ਮੌਕੇ ਉਹ ਭਾਵਿਕ ਤੋਂ ਉਕਤ ਪਹਾੜਾ ਸੁਣ ਕੇ ਹੈਰਾਨ ਹੋ ਗਏ ਅਤੇ ਕਿਹਾ ਕਿ ਇਸ ਦੀ ਜਿੰਨੀ ਤਾਰੀਫ ਕੀਤੀ ਜਾਵੇ, ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਭਾਵਿਕ ਨੇ ਇਹ ਰਿਕਾਰਡ ਬਣਾ ਕੇ ਨਾ ਸਿਰਫ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ ਬਲਕਿ ਹੋਰ ਵਿਦਿਆਰਥੀਆਂ ਲਈ ਮਿਸਾਲ ਵੀ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਸਪੀਡ ਦੇ ਨਾਲ-ਨਾਲ ਇਕਾਗਰਤਾ ਦੀ ਮੁੱਢਲੀ ਲੋੜ ਹੁੰਦੀ ਹੈ ਅਤੇ ਅਬੈਕਸ ਸਿੱਖਿਅਤ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰੀਖਿਆਵਾਂ ਵਿੱਚ ਬਹੁਤ ਫਾਇਦਾ ਮਿਲੇਗਾ। ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਦੇਣ ਵਾਲੀ ਸ਼ਾਰਪ ਬ੍ਰੇਨਸ ਸੰਸਥਾ ਦੀ ਵੀ ਐੱਸਡੀਐੱਮ ਨੇ ਭਰਪੂਰ ਪ੍ਰਸ਼ੰਸਾ ਕਰਦਿਆਂ ਡਾਇਰੈਕਟਰ ਰੰਜੀਵ ਗੋਇਲ ਨੂੰ ਵਧਾਈ ਦਿੱਤੀ।
Posted By:

Leave a Reply