ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਬਠਿੰਡਾ ਦੀ ਹੋਈ ਮੀਟਿੰਗ
- ਪੰਜਾਬ
- 30 Jan,2025

ਬਠਿੰਡਾ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਸਾਂਝਾ ਫਰੰਟ ਬਠਿੰਡਾ ਦੀ ਮੀਟਿੰਗ ਪੈਨਸ਼ਨਰ ਭਵਨ ਬਠਿੰਡਾ ਵਿਖੇ ਹੋਈ, ਜਿਸ ਵਿਚ ਸਾਂਝੇ ਫਰੰਟ ਦੇ ਸੂਬਾ ਕਨਵੀਨਰ ਸਾਥੀ ਗਗਨਦੀਪ ਸਿੰਘ ਭੁੱਲਰ ਵੱਲੋਂ ਸੂਬੇ ਦੇ ਫੈਸਲਿਆਂ ਦੀ ਰੌਸ਼ਨੀ ਵਿਚ ਮੀਟਿੰਗ ਦਾ ਏਜੰਡਾ ਤੈਅ ਕੀਤਾ ਗਿਆ। ਮੀਟਿੰਗ ਵਿਚ ਸ਼ਾਮਲ ਸਾਰੇ ਜ਼ਿਲ੍ਹਾ ਕਨਵੀਨਰਾਂ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਨੂੰ ਪੂਰਨ ਰੂਪ ਵਿਚ ਲਾਗੂ ਕਰਨ ਲਈ ਵਿਉਂਤਬੰਦੀ ਕੀਤੀ ਗਈ। ਸਰਬਸੰਮਤੀ ਨਾਲ ਫ਼ੈਸਲਾ ਹੋਇਆ ਕਿ 8 ਫ਼ਰਵਰੀ ਤੋਂ 20 ਫਰਵਰੀ ਤਕ ਬਠਿੰਡਾ ਦੇ 6 ਐੱਮਐੱਲਏ ਨੂੰ ਮੰਗ ਪੱਤਰ ਦਿੱਤੇ ਜਾਣਗੇ। 10 ਫਰਵਰੀ ਨੂੰ ਹਲਕਾ ਤਲਵੰਡੀ ਸਾਬੋ ,12 ਫਰਵਰੀ ਨੂੰ ਬਠਿੰਡਾ, 15 ਫਰਵਰੀ ਨੂੰ ਮੌੜ ,18 ਫਰਵਰੀ ਨੂੰ ਭੁੱਚੋ ਮੰਡੀ, 19 ਫ਼ਰਵਰੀ ਨੂੰ ਰਾਮਪੁਰਾ, 20 ਫਰਵਰੀ 2025 ਨੂੰ ਬਠਿੰਡਾ ਦਿਹਾਤੀ ਦੇ ਐੱਮਐੱਲਏ ਨੂੰ ਸਾਂਝਾ ਫਰੰਟ ਬਠਿੰਡਾ ਵੱਲੋਂ ਮੰਗ ਪੱਤਰ ਦਿੱਤੇ ਜਾਣਗੇ, ਇਸ ਲਈ ਸਮੂਹ ਬਲਾਕ, ਤਹਿਸੀਲ ਅਤੇ ਸਰਕਲ ਪੱਧਰ ’ਤੇ ਸੁਨੇਹੇ ਲਗਾ ਕੇ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸਾਂਝਾ ਫਰੰਟ ਦੀਆਂ ਮੰਗਾਂ ਕੱਚੇ ਕਾਮਿਆਂ ਨੂੰ ਪੱਕਾ ਨਾ ਕਰਨਾ, ਪੈਨਸ਼ਨਰਾਂ ਤੇ 2.59 ਦਾ ਗੁਣਾਂਕ ਲਾਗੂ ਨਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨੀ, ਨਵ-ਨਿਯੁਕਤ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਨਾਲ ਜੋੜਨਾ, ਘੱਟੋ ਉਜਰਤ ਦਾ ਕਾਨੂੰਨ ਲਾਗੂ ਕਰਨ, ਡੀਏ ਦੀਆਂ ਕਿਸ਼ਤਾਂ ਜਾਰੀ ਨਾ ਕਰਨੀਆਂ ਆਦਿ ਨੂੰ ਨਾ ਮੰਨਣ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚ ਭਾਰੀ ਰੋਸ ਹੈ, ਇਸ ਕਰ ਕੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਕੀਤੇ ਫੈਸਲੇ ਬਜਟ ਸੈਸ਼ਨ ਦੌਰਾਨ ਲਗਾਤਾਰ ਰੈਲੀਆਂ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਵੀ ਫੈਸਲਾ ਹੋਇਆ। ਅੱਜ ਦੀ ਮੀਟਿੰਗ ਵਿਚ ਪੈਰਾ ਮੈਡੀਕਲ ਸਾਥੀਆਂ ਵੱਲੋਂ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਐੱਸਐੱਮਓ ਤਲਵੰਡੀ ਸਾਬੋ ਵੱਲੋਂ ਕੀਤੀ ਜਾ ਰਹੀ ਰਿਸ਼ਵਤਖੋਰੀ ਖ਼ਿਲਾਫ਼ ਕਾਲੀਆਂ ਝੰਡੀਆਂ ਦੇ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਸਬੰਧੀ ਵੀ ਫ਼ੈਸਲਾ ਲਿਆ ਗਿਆ। ਅੱਜ ਦੀ ਇਸ ਮੀਟਿੰਗ ਵਿਚ ਸਾਥੀ ਦਰਸ਼ਨ ਸਿੰਘ ਮੌੜ ਪੈਨਸ਼ਨਰ ਆਗੂ, ਜਤਿੰਦਰ ਕ੍ਰਿਸ਼ਨ ਪੈਨਸ਼ਨਰ ਐਸੋਸੀਏਸ਼ਨ ਪਾਵਰ ਤੇ ਟਰਾਂਸਮਿਸ਼ਨ, ਸਿਕੰਦਰ ਸਿੰਘ ਧਾਲੀਵਾਲ ਡੀਐੱਮਐੱਫ , ਸੁਖਚੈਨ ਸਿੰਘ ਪੀਐੱਸਐੱਸਐੱਫ 1406/22ਬੀ, ਗੁਰਤੇਜ ਸਿੰਘ ਗਿੱਲ ਪੀਐੱਸਐੱਸਐੱਫ 1680/22ਬੀ, ਸਾਧੂ ਸਿੰਘ ਥਰਮਲ ਆਗੂ, ਪ੍ਰਿੰਸੀਪਲ ਰਣਜੀਤ ਸਿੰਘ, ਕਿਸ਼ੋਰ ਗਾਜ਼, ਜਗਸੀਰ ਸਿੰਘ, ਸੁਨੀਲ ਕੁਮਾਰ ਅਤੇ ਰਾਜਦੀਪ ਸਿੰਘ ਆਦਿ ਮੌਜੂਦ ਸਨ।
Posted By:

Leave a Reply