ਸੁਨੰਦਾ ਸ਼ਰਮਾ ਤੋਂ ਬਾਅਦ ਹੁਣ Shree Brar ਨੇ ਕਰਵਾਈ ਪਿੰਕੀ ਧਾਲੀਵਾਲ ਵਿਰੁਧ ਸ਼ਿਕਾਇਤ ਦਰਜ
- ਮਨੋਰੰਜਨ
- 10 Mar,2025

ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਸ਼੍ਰੀ ਬਰਾੜ ਨੇ ਵੀ ਪਿੰਕੀ ਧਾਲੀਵਾਲ ਵਿਰੁਧ ਮੂੰਹ ਖੋਲ੍ਹਿਆ ਹੈ। ਉਸ ਨੇ ਇੱਕ ਪੋਸਟ ਸਾਂਝੀ ਕਰ ਕੇ ਕਿਹਾ ਹੈ ਕਿ ਉਸ ਨੇ ਅੱਜ ਪਿੰਕੀ ਧਾਲੀਵਾਲ ਵਿਰੁਧ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਸੁਨੰਦਾ ਸ਼ਰਮਾ ਦੇ ਹੌਂਸਲੇ ਨੂੰ ਦੇਖਦਿਆਂ ਮੈਨੂੰ ਵੀ ਦਲੇਰੀ ਮਿਲੀ ਹੈ ਇਸ ਲਈ ਮੈਂ ਸੁਨੰਦਾ ਸ਼ਰਮਾ ਦਾ ਧਨਵਾਦ ਕਰਨਾ ਚਾਹੁੰਦਾ ਹਾਂ।
ਸ਼੍ਰੀ ਬਰਾੜ ਨੇ ਦੱਸਿਆ ਕਿ ਸੁਨੰਦਾ ਸ਼ਰਮਾ ਵਾਂਗ ਉਸ ਦੀ ਕਮਾਈ ਦਾ ਵੱਡਾ ਹਿੱਸਾ ਬਲੈਕਮੇਲਰਾਂ ਕੋਲ ਚਲਾ ਗਿਆ ਜਿਸਦੀ ਮੈਂ ਕਰੀਬ ਸਾਢੇ 3 ਸਾਲ ਪਹਿਲਾਂ ਫ਼ਰਿਆਦ ਲੈ ਕੇ ਤਤਕਾਲੀ ਸੀਐਮ ਚਰਨਜੀਤ ਸਿੰਘ ਚੰਨੀ ਕੋਲ ਗਿਆ ਸੀ। ਪਰ ਕਿਸੇ ਮਸਲੇ ਦਾ ਹੱਲ ਨਾ ਹੋਣ ਕਾਰਨ ਮੈਨੂੰ ਖ਼ੁਦ ਹੀ ਪਿਛੇ ਹਟਣਾ ਪਿਆ। ਕਿਉਂਕਿ ਉਨ੍ਹਾਂ ਲੋਕਾਂ ਨੇ ਉਲਟਾ ਮੈਨੂੰ ਧਮਕਾਉਣਾ ਤੇ ਬਲੈਕਮੇਲ ਸ਼ੁਰੂ ਕਰ ਦਿੱਤਾ ਸੀ।
ਇੰਡਸਟਰੀ ਬਾਰੇ ਖ਼ੁਲਾਸੇ ਕਰਦਿਆਂ ਬਰਾੜ ਨੇ ਕਿਹਾ ਕਿ ਇਨ੍ਹਾਂ ਬਲੈਕਮੇਲਰਾਂ ਤੇ ਧੋਖੇਬਾਜ਼ ਲੋਕਾਂ ਦਾ ਵੱਡਾ ਨੈੱਟਵਰਕ ਹੈ। ਤੇ ਇਨ੍ਹਾਂ ਦੀ ਪਹੁੰਚ ਵੀ ਦੂਰ ਤਕ ਹੁੰਦੀ ਹੈ। ਜੋ ਵੀ ਇੰਡਸਟਰੀ ਵਿਚੋਂ ਇਨ੍ਹਾਂ ਵਿਰੁਧ ਆਵਾਜ਼ ਚੁਕਦਾ ਹੈ ਇਹ ਉਸਨੂੰ ਹਾਸ਼ੀਏ ਉੱਤੇ ਲੈ ਜਾਂਦੇ ਹਨ ਤੇ ਉੱਥੋਂ ਬਿਲਕੁਲ ਨਰਕ ਵਿਚ ਸੁੱਟ ਦਿੰਦੇ ਹਨ।
ਮੈਂ ਹਰ ਮੌਕੇ ਉੱਤੇ ਪੰਜਾਬ ਦੇ ਹਰ ਇਕ ਮੁੱਦੇ ਲਈ ਬੋਲਦਾ ਹਾਂ ਪੁਰਾਣੇ ਤਜ਼ਰਬੇ ਬੁਰੇ ਹੋਣ ਕਰ ਕੇ ਮੇਰੀ ਸੋਚ ਸੀ ਕਿ ਸ਼ਾਇਦ ਸਰਕਾਰਾਂ ਜਾਂ ਪੁਲਿਸ ਇਨ੍ਹਾਂ ਪਾਵਰਫੁੱਲ ਲੋਕਾਂ ਦੇ ਤਰੀਕੇ ਨਾਲ ਕੰਮ ਕਰਦੀਆਂ ਹਨ। ਪਰ ਅੱਜ ਮੈਂ ਆਪਣੀ ਸੋਚ ਉੱਤੇ ਸਵਾਲ ਕਰਨ ਲਈ ਮਜ਼ਬੂਰ ਹੋ ਗਿਆ ਕਿਉਂਕਿ ਅੱਜ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਉਹ ਕਰ ਦਿਖਾਇਆ ਜੋ ਹਰ ਕੋਈ ਨਹੀਂ ਕਰ ਸਕਦਾ ਸੀ।
ਮੈਂਨੂੰ ਇਹ ਵੀ ਪਤਾ ਹੈ ਕਿ ਮੇਰੇ ਇਸ ਕਦਮ ਚੁੱਕਣ ਤੋਂ ਬਾਅਦ ਮੇਰੇ ਉੱਤੇ ਪਤਾ ਨਹੀਂ ਇਹ ਲੋਕ ਕੀ-ਕੀ ਸਾਜ਼ਿਸ਼ਾਂ ਕਰਨਗੇ। ਪਰ ਸੱਚ ਦੀ ਗੱਲ ਆਖ਼ਰੀ ਸਾਹ ਤਕ ਕਰਾਂਗਾ। ਬਦਲੇ ਵਿਚ ਦੁਨੀਆਂ ਦੀ ਹਰ ਸ਼ਹਿ ਨਾਲ ਮੱਥਾ ਲਾਉਣਾ ਪਿਆ ਤਾਂ ਲਾਵਾਂਗੇ।
Posted By:

Leave a Reply