ਪਿਛਲੇ 102 ਸਾਲਾ ’ਚ ‘ਸਿੱਖ ਸੰਘਰਸ਼ ਦੇ ਦਸਤਾਵੇਜ਼’ ਕਿਤਾਬ ਰਿਲੀਜ਼ ਭਲਕੇ
- ਪੰਜਾਬ
- 10 May,2025

ਚੰਡੀਗੜ੍ਹ : ਦੇਸ਼ ’ਚ ਸਿਰਫ਼ ਦੋ ਫ਼ੀ ਸਦੀ ਆਬਾਦੀ ਵਾਲੇ ਸਿੱਖ ਭਾਈਚਾਰੇ ਵਲੋਂ ਆਜ਼ਾਦੀ ਸੰਘਰਸ਼, ਸਰਹਦਾਂ ਦੀ ਰਾਖੀ ਅਤੇ ਸਿਆਸੀ ਧਾਰਮ ਖੇਤਰ ਸਮੇਤ ਸਿਖਿਆ ਤੇ ਖੇਡਾਂ ਦੇ ਖੇਤਰ ’ਚ ਪਾਏ ਯੋਗਦਾਨ ਸਬੰਧੀ ਅਨੇਕਾਂ ਕਿਤਾਬਾਂ ਤੇ ਰਚਨਾਵਾਂ ਬਹੁਤ ਮਿਲਦੀਆਂ ਹਨ ਪਰ ਪਿਛਲੇ 102 ਸਾਲਾਂ ’ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਜਾਰੀ ਦਸਤਾਵੇਜ਼ ਤੇ ਅਹਿਮ ਐਲਾਨਾਂ ਨੂੰ ਜਿਲਦਬੰਦ ਕੀਤੀ ਗਈ ਵੱਡੀ ਕਿਤਾਬ ਅੰਗਰੇਜ਼ੀ ’ਚ ਤਿਆਰ ਇਕ ਦੋ ਦਿਨਾਂ ’ਚ ਰਿਲੀਜ਼ ਕੀਤੀ ਜਾ ਰਹੀ ਹੈ।
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ 680 ਸਫ਼ਿਆਂ ਵਾਲੀ ਕਿਤਾਬ ਦੇ ਲਿਖਾਰੀ ਜਗਤਾਰ ਸਿੰਘ ਨੇ ਦਸਿਆ ਕਿ 1920 ਤੋਂ 2022 ਤਕ 181 ਇਤਿਹਾਸਕ ਦਸਤਾਵੇਜ਼, ਅਨੇਕਾਂ ਪੁਰਾਣੀਆ ਲਿਖਤਾਂ, ਐਲਾਨਨਾਮੇ ਅਤੇ ਸਿੱਖ ਲੀਡਰਾਂ ਵਲੋੀ ਸਮੇਂ ਸਮੇਂ ਸਿਰ ਦਿਤੇ ਬਿਆਨ ਸ਼ਾਮਲ ਹਨ ਜਿਨ੍ਹਾਂ ਦਾ ਸਬੰਧ ਦੇਸ਼, ਵਿਸ਼ੇਸ਼ ਕਰ ਪੰਜਾਬ ਦੇ ਸਿੱਖਾਂ ਤੇ ਹੋਰ ਧਰਮਾਂ ਦੇ ਲੋਕਾਂ ਨਾਲ ਹੈ।
ਜਗਤਾਰ ਸਿੰਘ ਨੇ ਦਸਿਆ ਕਿ ਪੰਜਾਬੀ ’ਚ ਲਿਖੇ ਤੇ ਜਾਰੀ ਕੀਤੇ ਪੰਥ ਦੇ ਨੇਤਾਵਾ ਦੇ ਬਿਆਨ, ਦਸਤਾਵੇਜ਼ਾਂ, ਐਲਾਨਾਂ ਨੂੰ ਅੰਗਰੇਜ਼ੀ ’ਚ ਅਨੁਵਾਦ ਕਰਨ ਅਤੇ ਪੁਰਾਣੇ ਇਤਿਹਾਸਕਾਰਾਂ ਵਲੋਂ ਕੀਤੀ ਪੜਚੋਲ ਤੇ ਪੁਣਛਾਣ ਨੂੰ ਕਲਮਬੰਦ ਕਰਨ ਵਾਸਤੇ 8 ਤੋਂ ਵੱਧ ਸਾਲਾਂ ਦੀ ਮਿਹਨਤ ਲੱਗੀ ਹੋਈ ਹੈ। ਮੁੱਖ ਬੰਦ ’ਚ ਜਗਤਾਰ ਸਿੰਘ ਨੇ ਲਿਖਿਆ ਹੈ ਕਿ ਜੂਨ 1984 ਦਾ ਭਾਰਤੀ ਫ਼ੌਜ ਵਲੋਂ ਦਰਬਾਰ ਸਾਹਿਬ ’ਤੇ ਹਮਲਾ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਗਰਮ ਦਲੀਏ ਸਿੱਖਾਂ ਦੀ ਵੱਖਰੇ ਰਾਜ ਨੂੰ ਸਥਾਪਤ ਕਰਨ ਦੀ ਸੋਚ ਨੂੰ ਸਖ਼ਤੀ ਨਾਲ ਦਬਾਉਣ ਦੇ ਫ਼ੈਸਲੇ ਦਾ ਨਤੀਜਾ ਸੀ। ‘‘ਸਿੱਖ ਸੰਘਰਸ਼ ਦੇ ਦਸਤਾਵੇਜ਼’’ ਵਾਲੀ ਇਸ ਰਚਨਾ ਦੇ ਪਹਿਲੇ 5 ਚੈਪਟਰ ਜਿਨ੍ਹਾਂ ’ਚ ਗੁਰੂ ਨਾਨਕ ਦੇਵ ਜੀ ਵਲੋਂ ਵਰੋਸਾਈ, ਸਿੱਖਾਂ ਦੀ ਸਥਾਪਤੀ ਦਾ ਜ਼ਿਕਰ ਹੈ ਅਤੇ ਬਾਅਦ ’ਚ ਸਿੱਖ ਗੁਰੂਆਂ ਦੇ ਚੰਗੇ ਮਾੜੇ ਸਬੰਧਾਂ ਯਾਨੀ ਸਮਕਾਲੀ ਮੁਗ਼ਲ ਸ਼ਾਸਕਾਂ ਦਾ ਜ਼ਿਕਰ ਹੇ ਜਦੋਂ ਕਿ ਅਗਲੇ ਅਧਿਆਏ ’ਚ ਬਰਤਾਨੀਆ ਹਕੁਮਤ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਸਮੇਤ ਸਿੱਖ ਸੰਘਰਸ਼ ਦਾ ਵੇਰਵਾ ਹੈ।
ਇਸ ਆਜ਼ਾਦ ਖਿੱਤੇ ’ਚ ਪੰਜਾਬ ਨਾਲ, ਡਲਹੌਜ਼ੀ ਦਾ ਇਲਾਕਾ, ਹੁਸ਼ਿਆਰਪੁਰ ਦੀ ਊਨਾ ਤਹਿਸੀਲ, ਨਾਲਾਗੜ੍ਹ, ਰਤੀਆ ਤੇ ਸਿਰਸਾ ਦਾ ਇਲਾਕਾ ਅਤੇ ਗੰਗਾ ਨਗਰ ਦੀਆਂ 6 ਤਹਿਸੀਲਾਂ ਮਿਲਾਉਣ ਦਾ ਜ਼ਿਕਰ ਹੈ।
ਅਕਾਲੀ ਦਲ ਦੇ 1940 ਵਾਲੇ ਵਿਧਾਨ ਨੂੰ 1948 ’ਚ ਨਵਿਆਉਣ ਦਾ ਵੇਰਵਾ ਵੀ ਇਸ ਕਿਤਾਬ ’ਚ ਹੈ। ਜਗਤਾਰ ਸਿੰਘ ਨੇ ਕਿਤਾਬ ’ਚੋਂ ਵੱਖ ਵੱਖ ਚੈਪਟਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਸਤਾਵੇਜ਼ੀ ਇਸ ਰਚਨਾ ’ਚ ਇਤਿਹਾਸਕਾਰਾਂ, ਧਾਰਮਕ ਲਿਖਾਰੀਆਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਸਮੇਤ ਖੋਜੀਆਂ ਲਈ ਵੱਡਾ ਤੇ ਮੁੱਢਲਾ ਵਿਦਿਅਕ ਮਸਾਲਾ ਹੈ ਜੋ ਉਨ੍ਹਾਂ ਨੂੰ ਅਗਲੇਰੀ ਖੋਜ ਤੇ ਡੂੰਘਾਈ ਵਾਲੇ ਅਧਿਐਨ ਕਰਨ ਵਾਸਤੇ ਮਦਦਗਾਰ ਸਾਬਿਤ ਹੋਵੇਗਾ। ਉੱਘੇ ਪੱਤਰਕਾਰ ਰਹੇ 77 ਸਾਲਾ ਜਗਤਾਰ ਸਿੰਘ ਨੇ ਇਹ ਚੌਥੀ ਰਚਨਾ ਹੈ। ਉਨ੍ਹਾਂ ਦੀ ਪਹਿਲੀਆਂ 3 ਕਿਤਾਬਾਂ ‘‘ਖ਼ਾਲਿਸਤਾਨ ਸੰਘਰਸ਼-ਜੋ ਲਹਿਰ ਨਾ ਬਣੀ’’, ‘‘ਬਲਦੇ ਦਰਿਆ’’ ਤੇ ‘‘ਕਾਲੇ ਪਾਣੀ-ਪੰਜਾਬੀ ਦਾ ਯੋਗਦਾਨ’’ ਪਿਛਲੇ ਸਾਲਾਂ ’ਚ ਲਿਖੀਆਂ ਗਈਆਂ।
#SikhHistory #SikhStruggle #HistoricalDocuments #BookLaunch #SikhCommunity #PunjabHeritage #SikhMovement #SikhLegacy #IndianHistory #DocumentingStruggle
Posted By:

Leave a Reply